Amritsar News: ਤਰਨ ਤਾਰਨ 'ਚ ਕੌਮੀ ਜਾਂਚ ਏਜੰਸੀ (NIA) ਨੇ ਵੀਰਵਾਰ ਨੂੰ ਛਾਪਾ ਮਾਰ ਕੇ ਅਫਗਾਨਿਸਤਾਨ ਤੋਂ ਸਪਲਾਈ ਹੋਣ ਵਾਲੀ 700 ਕਰੋੜ ਦੀ ਹੈਰੋਇਨ ਦੇ ਮਾਮਲੇ 'ਚ ਐਕਸ਼ਨ ਲਿਆ ਹੈ। ਇਸ ਦੌਰਾਮ NIA ਨੇ IELTS ਤੇ ਟੂਰ ਐਂਡ ਟਰੈਵਲ ਦਾ ਕੰਮ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਦਫਤਰ ਤੇ ਘਰ ਤੋਂ 1.27 ਕਰੋੜ ਰੁਪਏ ਜ਼ਬਤ ਕੀਤੇ ਹਨ। ਇੰਨਾ ਹੀ ਨਹੀਂ ਕੁਝ ਮਹੱਤਵਪੂਰਨ ਦਸਤਾਵੇਜ਼ ਤੇ ਡਿਜੀਟਲ ਯੰਤਰ ਵੀ ਜ਼ਬਤ ਕੀਤੇ ਗਏ ਹਨ।



ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂੰਵਾਲਾ ਨਿਵਾਸੀ ਨੌਜਵਾਨ ਦੇ ਘਰ ਪਿੰਡ ਕਰਮੂੰਵਾਲਾ ਤੇ ਚੋਹਲਾ ਸਾਹਿਬ ਵਿਖੇ ਉਸ ਦੇ ਟੂਰ ਐਂਡ ਟਰੈਵਲ ਦੇ ਦਫ਼ਤਰ ਵਿਖੇ ਵੀਰਵਾਰ ਨੂੰ ਤੜਕਸਾਰ ਤਕਰੀਬਨ 4 ਵਜੇ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਐਨਆਈਏ ਦੀ ਟੀਮ ਨੇ ਪਿੰਡ ਕਰਮੂੰਵਾਲਾ ਦੇ ਘਰ 'ਚੋਂ ਇੱਕ ਕਰੋੜ ਤੋਂ ਵੱਧ ਰਕਮ ਤੋਂ ਇਲਾਵਾ ਕੁਝ ਡਿਜ਼ੀਟਲ ਦਸਤਾਵੇਜ਼ ਵੀ ਬਰਾਮਦ ਹੋਏ, ਜਿਸ ਨੌਜਵਾਨ ਦੇ ਘਰ ਇਹ ਛਾਪੇਮਾਰੀ ਕੀਤੀ ਗਈ, ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਪਿਛਲੇ ਕੁਝ ਦਿਨ ਪਹਿਲਾਂ ਵਿਦੇਸ਼ ਗਿਆ ਹੋਇਆ ਹੈ।


 



ਹਾਸਲ ਜਾਣਕਾਰੀ ਮੁਤਾਬਕ ਐਨ.ਆਈ.ਏ. ਦੀ ਟੀਮ ਵਲੋਂ ਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਟੀਮ ਦੀ ਸਹਾਇਤਾ ਨਾਲ ਕਸਬਾ ਚੋਹਲਾ ਸਾਹਿਬ ਵਿਖੇ ਸਥਿਤ ਸੰਧੂ ਟੂਰ ਐਂਡ ਟਰੈਵਲ ਕੰਪਨੀ ਨਾਂ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਅਤੇ ਇਸ ਸਮੇਂ ਹੀ ਇਸ ਏਜੰਸੀ ਦੇ ਮਾਲਕ ਅੰਮਿ੍ਤਪਾਲ ਸਿੰਘ ਪੁੱਤਰ ਸਤਨਾਮ ਸਿੰਘ ਦੇ ਘਰ ਪਿੰਡ ਕਰਮੂੰਵਾਲਾ ਵਿਖੇ ਸਵੇਰੇ ਤੜਕਸਾਰ ਹੀ ਛਾਪੇਮਾਰੀ ਕੀਤੀ ਗਈ, ਜੋ ਸ਼ਾਮ ਸੱਤ ਵਜੇ ਤੱਕ ਜਾਰੀ ਰਹੀ।

ਚੋਹਲਾ ਸਾਹਿਬ ਵਿਖੇ ਸਥਿਤ ਸੰਧੂ ਟੂਰ ਐਂਡ ਟਰੈਵਲਸ ਏਜੰਸੀ 'ਤੇ ਐੱਨ.ਆਈ.ਏ .ਦੀ ਟੀਮ ਲਗਪਗ ਪੂਰੇ ਬਾਰਾਂ ਘੰਟੇ ਜਾਂਚ ਪੜਤਾਲ ਕਰਦੀ ਰਹੀ। ਐਨ.ਆਈ.ਏ ਅਧਿਕਾਰੀਆਂ ਅਨੁਸਾਰ ਪਿਛਲੇ ਸਮੇਂ ਦੌਰਾਨ ਅਫ਼ਗਾਨਿਸਤਾਨ ਤੋਂ ਆਈ ਮਲੱਠੀ 'ਚ ਛੁਪਾ ਕੇ 102 ਕਿੱਲੋ ਹੈਰੋਇਨ ਦੀ ਖੇਪ ਭਾਰਤ ਪਹੁੰਚੀ ਸੀ, ਜਿਸ ਨੂੰ ਕਸਟਮ ਦੇ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਸ ਸਮੇਂ ਇਕ ਵਪਾਰੀ ਵਿਪਨ ਨਾਂ ਦੇ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ।

ਮਾਮਲੇ ਨੂੰ 30 ਜੁਲਾਈ ਨੂੰ ਐਨ.ਆਈ.ਏ. ਏਜੰਸੀ ਨੇ ਆਪਣੇ ਹੱਥਾਂ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਛਾਪੇਮਾਰੀ ਦੌਰਾਨ ਉਕਤ ਨੌਜਵਾਨ ਦੇ ਘਰ 'ਚੋਂ 1 ਕਰੋੜ ਤੋਂ ਵੱਧ ਦੀ ਨਗਦੀ ਤੇ ਕੁਝ ਡਿਜ਼ੀਟਲ ਦਸਤਾਵੇਜ ਵੀ ਐਨ.ਆਈ.ਏ. ਦੇ ਹੱਥ ਲੱਗੇ ਹਨ, ਜਿਸ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।