Continues below advertisement

ਅੰਮ੍ਰਿਤਸਰ ਦੇ 88 ਫੁੱਟ ਰੋਡ ਇਲਾਕੇ ਵਿੱਚ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਦਕਿ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਚਸ਼ਮਦੀਦਾਂ ਮੁਤਾਬਕ, ਦੇਰ ਰਾਤ ਕੁਝ ਨੌਜਵਾਨ ਇਲਾਕੇ ਵਿੱਚ ਮੌਜੂਦ ਸਨ। ਇਸ ਦੌਰਾਨ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗ ਪਏ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਫਾਇਰਿੰਗ ਤੋਂ ਬਾਅਦ ਲੋਕ ਡਰ ਦੇ ਮਾਰੇ ਆਪਣੀਆਂ ਦੁਕਾਨਾਂ ਅਤੇ ਘਰਾਂ ਅੰਦਰ ਲੁੱਕ ਗਏ। ਕੁਝ ਹੀ ਮਿੰਟਾਂ ਵਿੱਚ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਜਦਕਿ ਪੁਲਿਸ ਕੁਝ ਸਮੇਂ ਬਾਅਦ ਘਟਨਾ ਸਥਾਨ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

Continues below advertisement

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਦੁਕਾਨਦਾਰ ਇਸ ਘਟਨਾ ਤੋਂ ਬਾਅਦ ਕਾਫ਼ੀ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੋਲੀ ਕਿਸੇ ਰਾਹਗੀਰ ਨੂੰ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਲੋਕਾਂ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਅਤੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਵੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਅੰਮ੍ਰਿਤਸਰ ਦੇ ਐਸਐਚਓ ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ 88 ਫੁੱਟ ਰੋਡ ‘ਤੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਸਿਮਰਨਜੀਤ ਸਿੰਘ ਉਰਫ਼ ਬਿੱਲਾ ਨਾਮਕ ਵਿਅਕਤੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿਮਰਨਜੀਤ ਸਿੰਘ ਆਪਣੀ ਸਵਿਫਟ ਕਾਰ ਵਿੱਚ ਜਾ ਰਿਹਾ ਹੈ ਅਤੇ ਉਸ ਦੇ ਪਿੱਛੇ ਦੋ ਨੌਜਵਾਨ ਉਸ ‘ਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।

ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸਦਰ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।