Ghallughara Divas: 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਤੋਂ ਪਹਿਲਾਂ ਪੰਥਕ ਸਿਆਸਤ ਵਿੱਚ ਭੂਚਾਲ ਆਇਆ ਹੋਇਆ ਹੈ। ਦਮਦਮੀ ਟਕਸਾਲ ਤੋਂ ਬਾਅਦ ਹੁਣ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੜਗੱਜ ਸਰਬ ਪ੍ਰਵਾਨਤ ਜਥੇਦਾਰ ਨਹੀਂ ਹਨ। ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਲਿਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਜਥੇਦਾਰ ਸਮੁੱਚੀ ਕੌਮ ਨੂੰ ਪ੍ਰਵਾਨ ਨਹੀਂ, ਉਸ ਵੱਲੋਂ ਘੱਲੂਘਾਰੇ ਸਮੇਂ ਕੌਮ ਦੇ ਨਾਮ ਸੰਦੇਸ਼ ਦੇਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ। ਨਿਹੰਗ ਸਿੰਘ ਜਥੇਬੰਦੀਆਂ ਇਸ ਦਾ ਡਟਵਾਂ ਵਿਰੋਧ ਕਰਨਗੀਆਂ। 

ਨਿਹੰਗ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਦਲਪੰਥ ਬਾਬਾ ਬਿਧੀ ਚੰਦ ਸਾਹਿਬ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਨੇ ਸਾਂਝੇ ਤੌਰ ’ਤੇ ਕਿਹਾ ਮਰਿਆਦਾ ਦੀ ਬਹਾਲੀ ਲਈ ਸਾਰੀਆਂ ਸੰਪਰਦਾਵਾਂ, ਦਮਦਮੀ ਟਕਸਾਲ, ਸੰਤ ਮਹਾਂਪੁਰਸ਼, ਪੰਥਕ ਜਥੇਬੰਦੀਆਂ ਮੁਕੰਮਲ ਰੂਪ ਵਿੱਚ ਸਾਰੇ ਇੱਕਜੁਟ ਹਨ। ਉਨ੍ਹਾਂ ਆਖਿਆ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਪੰਥਕ ਮਰਯਾਦਾ ਅਨੁਸਾਰ ਜਥੇਦਾਰ ਨਹੀਂ ਬਣੇ। ਉਨ੍ਹਾਂ ਨੂੰ ਕੌਮੀ ਮਾਮਲਿਆਂ ਵਿੱਚ ਸਿੱਧਾ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਿਹੰਗ ਸਿੰਘ ਮੁਖੀਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਸਰਬ ਪ੍ਰਵਾਨਤ ਜਥੇਦਾਰ ਨਿਯੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ਇੰਨਾ ਸਮਾਂ ਬੀਤਣ ਦੇ ਬਾਅਦ ਵੀ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਧੱਕੇਸ਼ਾਹੀ ਨਾਲ 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ’ਤੇ ਸੰਦੇਸ਼ ਦੇਣ ਤੇ ਸ਼ਹੀਦ ਪਰਿਵਾਰਾਂ ਨੂੰ ਉਸ ਤੋਂ ਸਨਮਾਨਤ ਕਰਨ ਸਬੰਧੀ ਆਪਣੀ ਜਿੱਦ ਕਿਉਂ ਪੁਗਾ ਰਹੀ ਹੈ। ਉਨ੍ਹਾਂ ਕਿਹਾ ਇਹ ਸ਼ਹੀਦ ਸਿੰਘਾਂ ਤੇ ਉਨ੍ਹਾਂ ਦੇ ਵਾਰਸਾਂ ਦਾ ਨਿਰਾਦਰ ਕਰਨ ਵਾਲੀ ਕਾਰਵਾਈ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਸਵੈ-ਪੜਚੋਲ ਕਰਨੀ ਚਾਹੀਦੀ ਹੈ।

 

ਉਧਰ, ਸੰਕਟ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਸਬੰਧੀ ਕੋਈ ਹੱਲ ਲੱਭਿਆ ਜਾ ਸਕੇ ਤੇ ਟਕਰਾਅ ਵਾਲੀ ਸਥਿਤੀ ਨੂੰ ਟਾਲਿਆ ਜਾ ਸਕੇ। ਐਡਵੋਕੇਟ ਧਾਮੀ ਨੇ ਦਮਦਮੀ ਟਕਸਾਲ ਦੇ ਮੁਖੀ ਨਾਲ ਵੀ ਮੀਟਿੰਗ ਕੀਤੀ ਸੀ ਪਰ ਬੇਸਿਟਾ ਰਹੀ। ਦਮਦਮੀ ਟਕਸਾਲ ਨੇ ਮੰਗ ਰੱਖੀ ਹੈ ਕਿ ਜਥੇਦਾਰ ਗੜਗੱਜ ਦੀ ਥਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਕੌਮ ਨੂੰ ਸੰਬੋਧਨ ਕਰਦੇ ਹਨ ਤਾਂ ਉਹ ਵਿਰੋਧ ਨਹੀਂ ਕਰਨਗੇ।