Amritsar News: ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅਰਦਾਸ ਦੇ ਪੈਸਿਆਂ ਵਾਲੇ ਕਾਊਂਟਰ ਚੋਂ ਇੱਕ ਲੱਖ ਦੀ ਚੋਰੀ ਕ ਰਨ ਵਾਲੇ 4 ਦੋਖੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਨ੍ਹਾਂ ਆਰੋਪੀਆਂ ਦਾ ਪਿੱਛਾ ਕਰਦੀ ਦਿੱਲੀ ਤੱਕ ਪਹੁੰਚੀ ਸੀ। ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਫ਼ਿਲਹਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਦੇ ਪੁੱਛਗਿੱਛ ਕੀਤੀ ਜਾ ਰਹੀ ਹੈ।


ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਦਿੱਲੀ ਦੇ ਜਹਾਂਗੀਪੁਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਸੀਸੀਟੀਵੀ ਕੈਮਰੇ ਵਿੱਚ ਦਿਖਣ ਤੋਂ ਬਾਅਦ ਪੁਲਿਸ ਵੱਲੋਂ ਹਰ ਕੈਮਰੇ ਨੂੰ ਖੰਘਾਲਿਆ ਗਿਆ ਜਿਸ ਤੋਂ ਪਤਾ ਲੱਗਿਆ ਕਿ ਇਹ ਆਰੋਪੀ ਟਰੇਨ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ। ਦਿੱਲੀ ਰੇਲਵੇ ਸਟੇਸ਼ਨ ਤੋਂ ਵੀ ਆਰੋਪੀਆਂ ਦੀ ਸੀਸੀਟੀਵੀ ਕੱਢੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦਾ ਲਗਾਤਾਰ ਪਿੱਛਾ ਕੀਤਾ ਤੇ ਇਹ ਭੱਜ ਦੌੜ ਦਿੱਲੀ ਦੇ ਜਹਾਂਗੀਰਪੁਰੀ ਜਾ ਕੇ ਖ਼ਤਮ ਹੋਈ। ਪੁਲਿਸ ਨੇ ਉੱਥੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 


ਕੀ ਹੈ ਪੂਰਾ ਮਾਮਲਾ


ਜ਼ਿਕਰ ਕਰ ਦਈਏ ਕਿ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਤੇ ਇਮਾਰਤਾਂ ਲਈ ਸੰਗਤ ਵੱਲੋਂ ਸੇਵਾ ਪ੍ਰਾਪਤ ਕਰਨ ਵਾਸਤੇ ਇੱਕ ਕਾਊਂਟਰ ਤੋਂ ਇੱਕ ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਸੀ ਕਿ ਇਹ ਘਟਨਾ ਬੀਤੇ ਦਿਨ ਸੰਧਿਆ ਵੇਲੇ ਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਰਮਾ ਦੇ ਅੰਦਰ ਲੰਗਰ ਤੇ ਇਮਾਰਤਾਂ ਦੀ ਸੇਵਾ ਪ੍ਰਾਪਤ ਕਰਨ ਲਈ ਸਥਾਪਤ ਇੱਕ ਕਾਊਂਟਰ ਉੱਤੇ ਡਿਊਟੀ ਨਿਭਾਅ ਰਹੇ ਮੁਲਾਜ਼ਮ ਅਨੁਸਾਰ ਐਤਵਾਰ ਨੂੰ ਸੰਧਿਆ ਵੇਲੇ ਸਮਾਂ ਕਰੀਬ 7.30 ਵਜੇ ਜਦੋਂ ਉਹ ਰਸੀਦਾਂ ਕੱਟ ਰਿਹਾ ਸੀ ਤਾਂ ਉਸ ਪਾਸ ਚਾਰ ਸ਼ੱਕੀ ਵਿਅਕਤੀ ਸਮੇਤ ਇੱਕ ਔਰਤ ਆਏ।


ਧੰਗੇੜਾ ਨੇ ਕਿਹਾ ਕਿ ਮੁਲਾਜ਼ਮ ਅਨੁਸਾਰ ਦੋਸ਼ੀ ਵਿਅਕਤੀਆਂ ਨੇ ਉਸ ਨੂੰ ਰਸੀਦ ਕਟਵਾਉਣ ਦੇ ਨਾਮ ਹੇਠ ਆਪਣੀ ਗੱਲਾਂ ਵਿੱਚ ਉਲਝਾਇਆ ਤੇ ਕਾਊਂਟਰ ਵਿੱਚੋਂ ਇੱਕ ਲੱਖ ਰੁਪਏ ਦੇ ਨਕਦੀ ਚੋਰੀ ਕਰਕੇ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਅੰਮ੍ਰਿਤਸਰ ਦੇ ਈ-ਡੀਵੀਜਨ ਪੁਲਿਸ ਥਾਣਾ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਧੰਗੇੜਾ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਘਟਨਾ ਦੀ ਅੰਦਰੂਨੀ ਜਾਂਚ ਵੀ ਆਰੰਭ ਦਿੱਤੀ ਗਈ ਹੈ।