ਅੰਮ੍ਰਿਤਸਰ : ਡਿਬਰੂਗੜ ਜੇਲ੍ਹ ਗੁਹਾਟੀ 'ਚ ਨਜ਼ਰਬੰਦ ’ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਤੇ ਹੋਰ ਸੰਬੰਧਿਤ ਪਰਿਵਾਰਾਂ ਵੱਲੋਂ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾਂ ਗੁ: ਸ੍ਰੀ ਦੁੱਖ ਭੰਜਨੀ ਬੇਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।



 ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਮਾਤਾ ਬੀਬੀ ਬਲਵਿੰਦਰ ਕੌਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨਾਂ ਤੇ ਅਰਦਾਸ ਸਮਾਗਮ ਕਰਨ ਦੀ ਸ਼ੁਰੂਆਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅਰਦਾਸ ਸਮਾਗਮ ਨਾਲ ਸ਼ੁਰੂ ਹੋਈ । 


ਪਹਿਲਾਂ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਤੇ ਫਿਰ ਦਸ ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਬੰਦੀ ਛੋੜ ਦਾਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਵਿਰੁੱਧ ਹਕੂਮਤਾਂ ਵੱਲੋਂ ਬੁਣੇ ਝੂਠ ਦੇ ਜਾਲ ਨੂੰ ਕੱਟਣ ਦੀ ਸਤਿਗੁਰੂ ਸਾਹਿਬ ਕਿਰਪਾ ਕਰੋ ਜੀ ਤੇ ਬੇਨਤੀ ਕੀਤੀ ਗਈ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਕੇ ਖ਼ਾਲਸਾ ਵਹੀਰ ਪੁਰਾਣੇ ਜਾਹੋ ਜਲਾਲ ਨਾਲ ਮੁੜ ਸ਼ੁਰੂ ਕਰਨ ਅਤੇ ਨਸ਼ਿਆਂ ਵਿੱਚ ਗ਼ਲਤਾਨ ਨੌਜਵਾਨੀ ਇਸ ਦਲਦਲ ਵਿੱਚੋਂ ਬਾਹਰ ਆ ਕੇ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਖ਼ਾਲਸਾ ਵਹੀਰ ਦੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਵਿੱਚ ਰੁੱਝ ਕੇ ਨਸ਼ਿਆਂ ਨੂੰ ਸਦੀਵੀ ਤੌਰ ਤੇ ਭੁੱਲ ਜਾਵੇ ।




 ਅਰਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਰਦਾਸੀਏ ਸਿੰਘ ਵੱਲੋਂ ਕੀਤੀ ਗਈ ਤੇ ਸ਼੍ਰੋਮਣੀ ਕਮੇਟੀ ਵੱਲੋਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸੰਗਤ ਵਿੱਚ ਮੂਹਰੇ ਹੋ ਕੇ ਸਵੇਰ 9:00 ਵਜੇ ਤੋ ਹੀ ਹਾਜ਼ਰ ਰਹੇ । ਜਿਵੇਂ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਹੋਰ ਕਿਸੇ ਵੀ ਇਤਿਹਾਸਕ ਅਸਥਾਨ ਤੇ ਜਾਣ ਸਮੇਂ ਹਮੇਸ਼ਾਂ ਗੁਰਬਾਣੀ ਦਾ ਜਾਪ ਸਤਿਨਾਮ ਵਾਹਿਗੁਰੂ ਦਾ ਜਾਪ ਹੀ ਕੀਤਾ ਜਾਂਦਾ ਸੀ ਉਸੇ ਤਰਾਂ ਇਹ ਸਮਾਗਮ ਵੀ ਚਲਿਆ । 


ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਬਾਬਾ ਬਖ਼ਸ਼ੀਸ਼ ਸਿੰਘ ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਕਿਸਾਨ ਮੋਰਚੇ ਦੇ ਹੀਰੋ ਜੰਗੀ ਬਾਬਾ ਹਰਦੀਪ ਸਿੰਘ ਉਰਫ਼ ਚੜ੍ਹਤ ਸਿੰਘ ਖ਼ਾਲਸਾ , ਰਜਿੰਦਰ ਸਿੰਘ ਖ਼ਾਲਸਾ ਕੁਲਵਿੰਦਰ ਸਿੰਘ ਖ਼ਾਲਸਾ ਖ਼ਾਲਸਾ ਵਹੀਰ ਦੇ ਪੰਜਾਂ ਪਿਆਰਿਆਂ ਦੇ ਦੋਵੇਂ ਸਿੰਘ , ਅਤੇ ਬਾਬਾ ਫ਼ਤਿਹ ਸਿੰਘ ਜੀ ਕੇ ਜਥੇ ਮਿਸਲ ਸਿੰਘ ਸ਼ਹੀਦਾਂ ਦੇ ਸਿੰਘਾਂ ਦਾ ਮਿਸ਼ਨ ਪੰਜਾਬ ਦਾ ਪੂਰਾ ਜਥਾ ਕੁਲਦੀਪ ਸਿੰਘ ਵਿਰਕ ਸਮੇਤ ਭਾਈ ਬਲਵੰਤ ਸਿੰਘ ਗੋਪਾਲਾ ਦਾ ਜਥਾ ਅਤੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਸਿੰਘਾਂ ਦੇ ਪਰਿਵਾਰਾਂ ਸਮੇਤ ਸੈਂਕੜੇ ਸਿੰਘ ਵੀ ਸਿੰਘਣੀਆਂ ਦੇ ਨਾਲ ਸ਼ਾਮਲ ਹੋਏ ।