Amritsar News : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬ ਸਰਕਾਰ ਅਤੇ ਵਾਈਸ-ਚਾਂਸਲਰ ਪੋ੍. ਜਸਪਾਲ ਸਿੰਘ ਸੰਧੂ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੇ ਦੂਜੇ ਦਿਨ ਪੰਜਾਬੀ ਦੇ ਨਾਮਵਰ ਸ਼ਾਇਰ ਡਾ. ਰਵਿੰਦਰ ਨੇ `ਮੈਂ ਤੇ ਮੇਰੀ ਕਾਵਿ-ਸਿਰਜਣਾ` ਵਿਸ਼ੇ `ਤੇ ਅਕਾਦਮਿਕ ਭਾਸ਼ਣ ਕੀਤਾ। 


 

ਇਸ ਸਮਾਗਮ ਵਿਚ ਡਾ. ਜੋਗਿੰਦਰ ਸਿੰਘ ਕੈਰੋਂ (ਸੇਵਾ-ਮੁਕਤ ਪ੍ਰੋਫੈ਼ਸਰ, ਪੰਜਾਬੀ ਅਧਿਐਨ ਸਕੂਲ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ ਅਤੇ ਕਿਹਾ ਕਿ ਡਾ. ਰਵਿੰਦਰ ਦੀ ਕਾਵਿ-ਸਿਰਜਣਾ ਵਿੱਚ ਉਤਰ-ਆਧੁਨਿਕਤਾ ਦੇ ਅੰਸ਼ ਹਾਜ਼ਰ ਹਨ ਜਿਨ੍ਹਾਂ ਦੇ ਅੰਤਰਗਤ ਉਨ੍ਹਾਂ ਨੇ  ਅਜੋਕੇ ਮਨੁੱਖ ਦੇ ਮਾਨਸਿਕ ਦਵੰਦਾਂ ਦਾ ਬਹੁ- ਦਿਸ਼ਾਵੀ ਚਿਤਰਨ ਕੀਤਾ ਹੈ। ਉਪਰੰਤ ਡਾ.ਰਵਿੰਦਰ ਦੁਆਰਾ ਰਚਿਤ ਨਵੇਂ ਕਾਵਿ- ਸੰਗ੍ਰਹਿ `ਅੰਦਰ ਖੁੱਲ੍ਹਦੀ ਖਿੜਕੀ` ਨੂੰ ਰਿਲੀਜ਼ ਕੀਤਾ ਗਿਆ।

 


 

ਡਾ. ਰਵਿੰਦਰ ਨੇ ਕਿਹਾ ਕਿ ਕਵੀ ਦੀ ਪ੍ਰਤੀਬੱਧਤਾ ਸੱਚ ਨੂੰ ਪੇਸ਼ ਕਰਨ ਦੀ ਹੋਣੀ ਚਾਹੀਦੀ ਹੈ।ਸਾਹਿਤ ਹਮੇਸ਼ਾ ਮਾਨਵਵਾਦੀ ਤੇ ਵਾਦ-  ਮੁਕਤ ਹੋਣਾ ਚਾਹੀਦਾ ਹੈ ਤਾਂ ਹੀ ਇਹ ਸਮੇਂ ਤੋਂ ਪਾਰ ਫੈਲ ਸਕਦਾ ਹੈ।ਆਪਣੀ ਕਾਵਿ- ਸਿਰਜਣਾ ਨੂੰ ਪਾਠਕਾਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਨੇ ਅਜੋਕੇ ਮਨੁੱਖ ਦੀਆਂ ਵਿਸੰਗਤੀਆਂ, ਔਰਤ ਦੇ ਵਜੂਦਾਤਮਕ ਸੰਕਟ,ਕਵੀ ਦੀ ਪ੍ਰਤੀਬੱਧਤਾ, ਮਾਨਵੀ ਸਬੰਧਾਂ  ਦੀਆਂ  ਸਮੀਕਰਨਾਂ ਅਤੇ ਮਾਨਵੀ ਜੀਵਨ ਵਿੱਚ ਤਕਨਾਲੋਜੀ ਦੇ ਦਖ਼ਲ ਆਦਿ ਪੱਖਾਂ ਦੀ ਨਿਸ਼ਾਨਦੇਹੀ ਕੀਤੀ। ਉਪਰੰਤ ਉਨ੍ਹਾਂ ਨੇ ਵਿਭਿੰਨ ਵਿਸ਼ਿਆਂ ਨਾਲ ਸਬੰਧਤ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਖੂ਼ਬਸੂਰਤ ਅੰਦਾਜ਼ ਵਿੱਚ ਕੀਤੀ।

 

ਡਾ. ਜੋਗਿੰਦਰ ਸਿੰਘ ਕੈਰੋਂ ਨੇ ਡਾ. ਰਵਿੰਦਰ ਨਾਲ ਆਪਣੀ ਭਾਵਨਾਤਮਕ ਸਾਂਝ ਪ੍ਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਬੁਨਿਆਦੀ ਰੂਪ ਵਿੱਚ ਮਾਨਵਵਾਦੀ ਕਵਿਤਾ ਹੈ। ਮਨੁੱਖ ਦੇ ਅਸਤਿੱਤਵੀ ਸਰੋਕਾਰਾਂ ਦੀ ਪੇਸ਼ਕਾਰੀ ਵਿੱਚ ਹੀ ਡਾ. ਰਵਿੰਦਰ ਦੀ ਕਾਵਿਕ ਸੇ੍ਸ਼ਟਤਾ ਦਾ ਰਹੱਸ ਨਿਹਿਤ ਹੈ।ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ। ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਡਾ.ਪਵਨ ਕੁਮਾਰ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਰਮਿੰਦਰ ਕੌਰ,ਡਾ.ਮੇਘਾ ਸਲਵਾਨ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਬੁੱਟਰ,ਖੋਜ- ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ