Amritsar News: ਅੱਜ ਗੋਇੰਦਵਾਲ ਥਰਮਲ ਪਲਾਂਟ ਪੰਜਾਬ ਨੂੰ ਮਿਲਣ ਜਾ ਰਿਹਾ ਹੈ। ਇਸ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨ ਤਾਰਨ ਪਹੁੰਚਣਗੇ। ਇੱਥੇ ਉਹ ਗੁਰੂ ਅਮਰਦਾਸ ਥਰਮਲ ਪਲਾਂਟ ਲਿਮਟਿਡ (ਜੀਏਟੀਪੀਐਲ) ਪੰਜਾਬੀਆਂ ਨੂੰ ਸੌਂਪਣਗੇ। ਇਸ ਤੋਂ ਬਾਅਦ ਕੇਜਰੀਵਾਲ ਤੇ ਸੀਐਮ ਮਾਨ ਤਰਨ ਤਾਰਨ ਦੇ ਪਿੰਡ ਸ਼ੇਰੋਂ ਪਹੁੰਚ ਕੇ ਜਨ ਸਭਾ ਨੂੰ ਸੰਬੋਧਨ ਕਰਨਗੇ।


ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਹ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਸ ਦੀ ਜਾਣਕਾਰੀ ਸੀਐਮ ਮਾਨ ਨੇ 1 ਜਨਵਰੀ ਨੂੰ ਖੁਦ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੀ। ਇਸ ਥਰਮਲ ਪਲਾਂਟ ਦੀ ਪੂਰੀ ਸਮਰੱਥਾ 540 ਮੈਗਾਵਾਟ ਹੈ ਪਰ ਹੁਣ ਤੱਕ ਇਹ ਕੋਲੇ ਦੀ ਸੀਮਤ ਮਾਤਰਾ ਹੋਣ ਕਾਰਨ ਅੱਧੀ ਸਮਰੱਥਾ 'ਤੇ ਹੀ ਚੱਲ ਰਿਹਾ ਸੀ। ਸੀਐਮ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਝਾਰਖੰਡ ਵਿੱਚ ਪੰਜਾਬ ਸਰਕਾਰ ਦੀ ਖਾਣ ਵਿੱਚ ਵਾਧੂ ਕੋਲਾ ਹੈ, ਜਿੱਥੋਂ ਕੋਲਾ ਲਿਆ ਕੇ ਇਸ ਪਲਾਂਟ ਨੂੰ ਪੂਰੀ ਤਰ੍ਹਾਂ ਚਲਾਇਆ ਜਾਵੇਗਾ।


ਇਸ ਬਾਰੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 540 ਮੈਗਾਵਾਟ ਸਮਰੱਥਾ ਵਾਲੇ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ (ਜੀਏਟੀਪੀਐਲ) ਗੋਇੰਦਵਾਲ ਨੂੰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਨਗੇ।


ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਗੋਇੰਦਵਾਲ ਸਾਹਿਬ ਦਾ ਇਹ ਤਾਪ ਬਿਜਲੀ ਘਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਜਾਇਦਾਦ ਹੈ। ਇਸ ਕਰਕੇ ਤੀਸਰੇ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਗੋਇੰਦਵਾਲ ਸਾਹਿਬ ਵਿਚ ਸਥਾਪਤ ਇਸ ਥਰਮਲ ਪਲਾਂਟ ਦਾ ਨਾਮ ਵੀ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ ਹੈ। ਇਸ ਪ੍ਰਕਿਰਿਆ ਨਾਲ ਜੀਵੀਕੇ ਪਾਵਰ (ਗੋਇੰਦਵਾਲ ਸਾਹਿਬ) ਲਿਮਟਿਡ ਵੱਲੋਂ ਕੀਤੇ ਗਏ 3000 ਕਰੋੜ ਰੁਪਏ ਦੀ ਦੇਣਦਾਰੀ ਵਾਲੇ ਕੇਸ ਖਤਮ ਹੋ ਜਾਣਗੇ।


ਦੱਸ ਦਈਏ ਕਿ ਸਰਕਾਰ ਨੇ ਥਰਮਲ ਪਲਾਂਟ ਦੀ ਨਿਗਰਾਨੀ ਲਈ ਇੱਕ ਕਮੇਟੀ ਵੀ ਬਣਾਈ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ਼ ਇੰਜਨੀਅਰ ਐਮਆਰ ਬਾਂਸਲ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮੇਟੀ ਵਿੱਚ ਲਹਿਰਾ ਥਰਮਲ ਦੇ ਡਿਪਟੀ ਚੀਫ ਇੰਜਨੀਅਰ ਇੰਦਰਜੀਤ ਸਿੰਘ ਸੰਧੂ, ਡਿਪਟੀ ਚੀਫ ਇੰਜਨੀਅਰ ਫਿਊਲ ਕੇਕੇ ਬਾਂਸਲ, ਰੋਪੜ ਥਰਮਲ ਪਲਾਂਟ ਦੇ ਨਿਗਰਾਨ ਇੰਜਨੀਅਰ ਰਣਜੀਤ ਸਿੰਘ, ਚੀਫ ਆਡੀਟਰ ਰਾਜਨ ਗੁਪਤਾ, ਲਹਿਰਾ ਥਰਮਲ ਪਲਾਂਟ ਦੇ ਇੰਜਨੀਅਰ ਬਲਜਿੰਦਰ ਸਿੰਘ ਤੇ ਇੰਜਨੀਅਰ ਗੁਰਿੰਦਰ ਸਿੰਘ ਸ਼ਾਮਲ ਹਨ।


ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਬੋਲੇ...22 ਮਹੀਨੇ ਹੋ ਗਏ ਕਦੇ ਮੇਰੇ ਮੂੰਹੋਂ ਸੁਣਿਆ ਖ਼ਜਾਨਾ ਖਾਲੀ? ਪਿਛਲੀਆਂ ਸਰਕਾਰਾਂ ਦੀ ਨੀਅਤ ਹੀ ਖਾਲੀ ਸੀ...


ਸਰਕਾਰ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਪਲਾਂਟ ਤੋਂ ਕਰੀਬ 9 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਿਲਦੀ ਸੀ ਪਰ ਹੁਣ ਜਦੋਂ ਸਰਕਾਰ ਇਸ ਪਲਾਂਟ ਵਿੱਚ ਬਿਜਲੀ ਦਾ ਉਤਪਾਦਨ ਸ਼ੁਰੂ ਕਰੇਗੀ ਤਾਂ ਬਿਜਲੀ ਦਾ ਉਤਪਾਦਨ ਸਿਰਫ਼ 4.25 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸ਼ੁਰੂ ਹੋਵੇਗਾ।


ਇਹ ਵੀ ਪੜ੍ਹੋ: Amritsar News: ਭਗਵੰਤ ਮਾਨ, ਭਾਨਾ ਸਿੱਧੂ ਤੇ ਲੱਖਾ ਸਿਧਾਣਾ ਪੁਰਾਣੇ ਯਾਰ...ਹੁਣ ਆਪਸ 'ਚ ਖੜਕੀ ਤਾਂ....ਮਜੀਠੀਆ ਕਹਿ ਗਏ ਵੱਡੀ ਗੱਲ