Amritsar News: ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਖੁੱਲ੍ਹੀ ਗਰਾਉਂਡ ਵਿੱਚ ਅੱਜ ਸਾਂਝ ਚੈਰੀਟੇਬਲ ਸੁਸਾਇਟੀ ਗੱਦਲੀ ਵੱਲੋਂ ਅਪਾਹਜ ਵਿਅਕਤੀਆਂ ਨੂੰ 150 ਟਰਾਈ ਸਾਈਕਲ ਤਕਸੀਮ ਕੀਤੇ ਗਏ। ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਟਰਾਈ ਸਾਈਕਲ ਵੰਡਣ ਦੀ ਅਰਦਾਸ ਸਾਂਝ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਗੱਦਲੀ ਨੇ ਕੀਤੀ।
ਉਪਰੰਤ ਸਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਪੰਜਾਬ ਸਰਕਾਰ ਨੇ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਇਕਲ ਦੇ ਕੇ ਤੋਰਿਆ। ਇਹ ਲੋੜਵੰਦ ਵਿਅਕਤੀ ਸਾਰੇ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ਤੋਂ ਸਨ। ਹਰਭਜਨ ਸਿੰਘ ਮੰਤਰੀ ਨੇ ਕਿਹਾ ਕਿ ਸਾਂਝ ਚੈਰੀਟੇਬਲ ਸੁਸਾਇਟੀ ਦਾ ਇਹ ਉਪਰਾਲਾ ਪ੍ਰਸੰਸ਼ਾ ਜਨਕ ਹੈ ਅਸੀਂ ਹਰ ਤਰ੍ਹਾਂ ਦਾ ਸੁਸਾਇਟੀ ਨੂੰ ਸਹਿਯੋਗ ਦੇਵਾਂਗੇ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਅਪਾਹਜਾਂ ਦੀ ਮਦਦ ਕਰਨੀ ਉਨ੍ਹਾਂ ਨੁੰ ਰੁਜ਼ਗਾਰ ਤੇ ਜਾਣ ਲਈ ਸਾਧਨ ਮਹੱਇਆ ਕਰਾਉਣਾ ਸੁਸਾਇਟੀ ਦੀ ਪਰਉਪਕਾਰਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਰਜ ਦਯਾਵਾਨ ਵਿਅਕਤੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਪਰ ਕਾਰਜ ਕਰਨ ਵਾਲਾ ਵਿਅਕਤੀ ਸਮਰਪਿਤ ਭਾਵਨਾ ਵਾਲਾ ਹੋਣਾ ਜ਼ਰੂਰੀ ਹੈ।
ਗਿਆਨੀ ਭੁਪਿੰਦਰ ਸਿੰਘ ਗੱਦਲੀ ਪ੍ਰਧਾਨ ਸੁਸਾਇਟੀ ਨੇ ਦਸਿਆ ਕਿ ਸੁਸਾਇਟੀ ਵੱਲੋਂ ਪਹਿਲਾਂ ਕੋਵਿਡ ਦਰਮਿਆਨ ਗ੍ਰੰਥੀਆਂ, ਪਾਠੀਆਂ ਰਾਗੀਆਂ, ਢਾਡੀਆਂ, ਕਥਾਵਾਚਕਾਂ ਤੇ ਹੋਰ ਲੋੜ ਵੰਦਾਂ ਦੀ ਰਾਸ਼ਨ ਪੱਧਰ ਤੇ ਸੇਵਾ ਕੀਤੀ। ਉਪਰੰਤ ਸੁਸਾਇਟੀ ਨੇ ਆਪਣਾ ਇਲਾਜ ਨਾ ਕਰਾ ਸਕਣ ਵਾਲੇ ਵਿਅਕਤੀਆਂ ਦੀ ਵੀ ਬਾਂਹ ਫੜੀ ਹੈ, ਹੁਣ ਅਪਾਹਜਾਂ ਨੂੰ ਢੇਡ ਸੌ ਟਰਾਈ ਸਾਈਕਲ ਅੱਜ ਵੰਡੇ ਹਨ। ਢੇਡ ਸੌ ਦਾ ਹੀ ਹੋਰ ਟੀਚਾ ਹੈ।
ਜਿਕਰਯੋਗ ਹੈ ਕਿ ਸੰਸਥਾ ਵਲੋਂ ਹੁਣ ਤੱਕ ਲੱਗਭਗ 56 ਦੇ ਕਰੀਬ ਗਰੀਬ ਧੀਆਂ ਦੇ ਵਿਆਹ ਕੀਤੇ ਜਾ ਚੁਕੇ ਹਨ, ਆਖੰਡ ਪਾਠੀ ਸਿੰਘਾਂ ਨੂੰ ਵੀਹ ਦੇ ਕਰੀਬ ਘਰ ਬਣਾਕੇ ਦਿਤੇ ਗਏ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਸੁਸਾਇਟੀ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਗੱਦਲੀ ਨੇ ਮੰਤਰੀ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਹਿੰਦਰ ਕੌਰ ਨੂੰ ਸਿਰਪਾਓ ਤੇ ਸ਼ਾਲ ਨਾਲ ਸਨਮਾਨਿਤ ਕੀਤਾ। ਇਸ ਸਮੇਂ ਗਿਆਨੀ ਭੁਪਿੰਦਰ ਸਿੰਘ ਪ੍ਰਧਾਨ, ਭਾਈ ਜਗਦੇਵ ਸਿੰਘ ਜਨਰਲ ਸੈਕਟਰੀ, ਭਾਈ ਸੁਖਦੀਪ ਸਿੰਘ ਖਜਾਨਚੀ, ਭਾਈ ਮਹਿਤਾਬ ਸਿੰਘ ਮੈਂਬਰ, ਭਾਈ ਗੁਰਲਾਲ ਸਿੰਘ ਮੈਂਬਰ, ਭਾਈ ਗੁਰਮੁਖ ਸਿੰਘ, ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।