Amarjit Kaur Pannu : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰਾ "ਅਮਰਜੀਤ ਕੌਰ ਪੰਨੂੰ ਰੂਬਰੂ" ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਉੱਪਰ ਸਵਾਗਤ ਕੀਤਾ। 


 

ਇਸ ਮੌਕੇ ਉਨ੍ਹਾਂ ਨੇ ਅਮਰਜੀਤ ਕੌਰ ਪੰਨੂ ਜੀ ਦੀ ਸਿਰਜਣ ਪ੍ਰਕਿਰਿਆ ਨੂੰ ਪਰਵਾਸੀ ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਮੰਨਿਆ। ਉਨ੍ਹਾਂ ਕਿਹਾ ਕਿ ਇਸ ਸ਼ਖ਼ਸੀਅਤ ਨੇ ਆਪਣੇ ਨਿੱਜੀ ਅਨੁਭਵ ਨੂੰ ਸਿਰਜਣ ਪ੍ਰਕਿਰਿਆ ਵਿਚ ਢਾਲ ਕੇ ਵਿਸ਼ੇਗਤ ਅਤੇ ਰੂਪਗਤ ਪੱਖ ਤੋਂ ਪਰਵਾਸੀ ਪੰਜਾਬੀ ਸਾਹਿਤ ਵਿਚ ਨਵਾਂ ਨਜ਼ਰੀਆ ਪ੍ਰਸਤੁਤ ਕੀਤਾ ਹੈ।ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੋਹਿੰਦਰ ਬੀਰ (ਸੇਵਾ ਮੁਕਤ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ) ਨੇ ਕੀਤੀ। 

 

ਇਸ ਮੌਕੇ ਉਨ੍ਹਾਂ ਨੇ ਅਮਰਜੀਤ ਕੌਰ ਪੰਨੂ ਦੀ ਗਲਪ ਸਿਰਜਣਾ (ਨਾਵਲ ਤੇ ਕਹਾਣੀ) ਦੀ ਪਿੱਠਭੂਮੀ ਵਿੱਚ ਕਾਰਜਸ਼ੀਲ ਵਿਭਿੰਨ ਕਾਰਨਾਂ ਤੇ ਅਨੁਭਵਾਂ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਇਹ ਗਲਪਕਾਰਾ ਇੱਕੋ ਵੇਲੇ ਪੰਜਾਬੀ ਦੇ ਸਮਾਨਾਂਤਰ ਅੰਗਰੇਜ਼ੀ ਵਿੱਚ ਸਿਰਜਣਾ ਕਰ ਰਹੀ ਹੈ ਜਿਸ ਨਾਲ ਪੰਜਾਬੀ ਸੰਵੇਦਨਾ ਦਾ ਦਾਇਰਾ ਬਹੁਭਾਸ਼ਾਈ ਹੋ ਰਿਹਾ ਹੈ। ਉਪਰੰਤ ਡਾ. ਕੰਵਲਜੀਤ ਕੌਰ ਨੇ ਅਮਰਜੀਤ ਕੌਰ ਪੰਨੂ ਦੇ ਕਹਾਣੀ ਸੰਗ੍ਰਹਿ `ਸੁੱਚਾ ਗੁਲਾਬ` `ਤੇ ਵਿਚਾਰ-ਚਰਚਾ ਕਰਦਿਆਂ ਇਸ ਵਿੱਚ ਕਾਰਜਸ਼ੀਲ ਵਿਭਿੰਨ ਵਿਚਾਰਧਾਰਾਈ ਪਹਿਲੂਆਂ ਨੂੰ ਉਜਾਗਰ ਕੀਤਾ। 

 


 

ਇਸ ਸਮਾਗਮ ਦੇ ਮੰਚ-ਸੰਚਾਲਨ ਦੀ ਭੂਮਿਕਾ ਡਾ. ਪਵਨ ਕੁਮਾਰ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਖੋਜ ਵਿਦਿਆਰਥੀਆਂ ਤੇ ਵਿਦਿਆਰਥੀਆਂ ਨੇ ਪਰਵਾਸੀ ਲੇਖਿਕਾ ਅਮਰਜੀਤ ਪੰਨੂੰ ਨਾਲ ਸੰਵਾਦ ਰਚਾਇਆ। ਇਸ ਮੌਕੇ ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ, ਡਾ. ਗੁਰਪ੍ਰੀਤ ਸਿੰਘ ਬੁੱਟਰ ਅਤੇ ਵੱਡੀ ਗਿਣਤੀ ਵਿੱਚ ਖੋਜ ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।