Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਨੇ ਕਿਹਾ ਕਿ ਪੀ ਟੀ ਸੀ ਸਿਮਰਨ ਚੈਨਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਵਲੋ ਗੁਰਬਾਣੀ ਪ੍ਰਸਾਰਣ ਦੌਰਾਨ ਚਲਾਏ ਜਾ ਰਹੇ ਇਸ਼ਤਿਹਾਰ ਨਾਲ ਸਰੇਆਮ ਗੁਰਬਾਣੀ ਦੀ ਬੇਅਦਬੀ ਕੀਤੀ ਜਾ ਰਹੀ ਹੈ।
ਜਸਟਿਸ ਨਿਰਮਲ ਸਿੰਘ ਨੇ ਐਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਮਾਮਲੇ ਵਿਚ ਖੁਦ ਦਖਲ ਦੇਣ ਦੀ ਮੰਗ ਕਰਦਿਆਂ ਗੁਰਬਾਣੀ ਪ੍ਰਸਾਰਣ ਦੌਰਾਨ ਇਸ਼ਤਿਹਾਰ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ।
ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਪੀ ਟੀ ਸੀ ਸਿਮਰਨ ਚੈਨਲ ਤੇ ਸ਼ਾਮ ਦੇ ਸਮੇਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਪ੍ਰਸਾਰਣ ਦੌਰਾਨ ਚੈਨਲ ਤੇ ਇਕ ਪੱਟੀ ਤੇ ਗੁਰਬਾਣੀ ਦੇ ਸ਼ਬਦ ਲਿਖਤ ਰੂਪ ਵਿਚ ਆਉਂਦੇ ਹਨ ਅਤੇ ਉਸ ਦੇ ਉਪਰ ਹੀ ਇਸ਼ਤਿਹਾਰ ਦੀ ਵੀ ਇਕ ਪੱਟੀ ਚੱਲਦੀ ਹੈ। ਜਿਸ ਨਾਲ ਲਿਖਤ ਸ਼ਬਦ ਪੂਰੀ ਤਰ੍ਹਾਂ ਵਿਖਾਈ ਨਹੀ ਦਿੰਦੇ ਹਨ ।ਇਸ ਨਾਲ ਜਿੱਥੇ ਗੁਰਬਾਣੀ ਸੁਣ ਰਹੇ ਵਿਅਕਤੀ ਦਾ ਧਿਆਨ ਹੋਰ ਪਾਸੇ ਭਟਕਦਾ ਹੈ, ਉਥੇ ਹੀ ਗੁਰਬਾਣੀ ਦੀ ਵੀ ਸਰੇਆਮ ਬੇਅਦਬੀ ਕੀਤੀ ਜਾ ਰਹੀ ਹੈ।
ਜਸਟਿਸ ਨਿਰਮਲ ਸਿੰਘ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੁੱਛਿਆ ਹੈ ਕੀ ਗੁਰਬਾਣੀ ਦੇ ਸ਼ਬਦ ਉੱਪਰ ਇਸ਼ਤਿਹਾਰ ਚਲਾਉਣਾ ਨਾਲ ਗੁਰਬਾਣੀ ਦੀ ਬੇਅਦਬੀ ਨਹੀਂ ਹੋ ਰਹੀ ਹੈ ? ਉਹਨਾਂ ਕਿਹਾ ਹੈ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਦਾ ਇਸ ਤੇ ਧਿਆਨ ਕਿਉਂ ਨਹੀਂ ਗਿਆ। ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਦੀ ਸੁਣਨ ਦੀ ਸ਼ਕਤੀ ਘੱਟ ਹੁੰਦੀ ਹੈ ਉਹ ਗੁਰਬਾਣੀ ਪੜ੍ਹਕੇ ਅਨੰਦ ਲੈਦੇਂ ਹਨ ਪਰ ਇਸ਼ਤਿਹਾਰ ਦੀ ਪੱਟੀ ਉੱਪਰ ਆ ਜਾਣ ਕਾਰਨ ਉਹਨਾਂ ਵਿਅਕਤੀਆਂ ਨੂੰ ਕਾਫੀ ਮੁਸ਼ਕਿਲ ਹੁੰਦੀ ਹੈ।
ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਐਸ ਜੀ ਪੀ ਸੀ ਦਾ ਅਹਿਮ ਕੰਮ ਪੂਰੀ ਦੁਨੀਆ ਵਿਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਐਸ ਜੀ ਪੀ ਸੀ ਨੇ ਇਹ ਸਭ ਭੁੱਲ ਕੇ ਸਿਰਫ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਸਟਿਸ ਨਿਰਮਲ ਸਿੰਘ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਗੁਰਬਾਣੀ ਪ੍ਰਸਾਰਣ ਦੌਰਾਨ ਇਸ਼ਤਿਹਾਰ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਗੁਰਬਾਣੀ ਦਾ ਪੂਰਾ ਸਤਿਕਾਰ ਹੋ ਸਕੇ ਅਤੇ ਗੁਰਬਾਣੀ ਸੁਣਨ ਵਾਲੇ ਵੀ ਇਸ ਦਾ ਪੂਰਾ ਅਨੰਦ ਲੈ ਸਕਣ।