Amritsa News: ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਦਾ ਮੁੱਦਾ ਠੰਢੇ ਬਸਤੇ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਵੱਡਾ ਮੁੱਦਾ ਬਣਨ ਮਗਰੋਂ ਵੀ ਅਜੇ ਤੱਕ ਸੈਟੇਲਾਈਟ ਚੈਨਲ ਬਾਰੇ ਕੋਈ ਠੋਸ ਉਪਰਾਲਾ ਸਾਹਮਣੇ ਨਹੀਂ ਆਇਆ। ਸ਼੍ਰੋਮਣੀ ਕਮੇਟੀ ਇਸ ਬਾਰੇ ਕੇਂਦਰ ਸਰਕਾਰ ਦੀ ਢਿੱਲੀ ਕਾਰਗੁਜਾਰੀ ਦਾ ਹਵਾਲਾ ਦੇ ਰਹੀ ਹੈ।


ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਉਪਰ ਇੱਕ ਪਰਿਵਾਰ ਦੇ ਪ੍ਰਾਈਵੇਟ ਚੈਨਲ ਨੂੰ ਹੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਦੇਣ ਦਾ ਇਲਜ਼ਾਮ ਲੱਗਾ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ ਕਾਨੂੰਨ ਵਿੱਚ ਸੋਧ ਕੀਤੀ ਸੀ। ਇਹ ਮਾਮਲਾ ਕਾਫੀ ਗਰਮਾ ਗਿਆ ਸੀ। ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੁਝ ਨਹੀਂ ਹੋਇਆ।


ਹਾਸਲ ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਨੂੰ ਸੈਟੇਲਾਈਟ ਚੈਨਲ ਰਾਹੀਂ ਪ੍ਰਸਾਰਨ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਜਨਾ ਨੂੰ ਪੂਰਾ ਹੋਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਵੱਲੋਂ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਗਿਆ। 


ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਵਫਦ ਕੇਂਦਰ ਸਰਕਾਰ ਦੇ ਪ੍ਰਸਾਰਨ ਮੰਤਰਾਲੇ ਦੇ ਮੰਤਰੀ ਅਨੁਰਾਗ ਠਾਕੁਰ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕਾ ਹੈ। ਉਹ ਖੁਦ ਵੀ ਇੱਕ ਵਾਰ ਇਸ ਵਫਦ ਨਾਲ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਕਿਰਿਆ ਜਾਰੀ ਹੈ। 


ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਸ ਸਬੰਧੀ ਆਪਣਾ ਲੋੜੀਂਦਾ ਢਾਂਚਾ ਮੁਕੰਮਲ ਕੀਤਾ ਜਾ ਰਿਹਾ। ਜਿਵੇਂ ਹੀ ਕੇਂਦਰ ਸਰਕਾਰ ਵੱਲੋਂ ਸਹਿਮਤੀ ਮਿਲੇਗੀ, ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰ ਦੇਵੇਗੀ। ਫਿਲਹਾਲ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵਾਲੇ ਪ੍ਰਾਈਵੇਟ ਚੈਨਲ ਰਾਹੀਂ ਹੀ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ। 


ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਇੱਕ ਵੈੱਬ ਚੈਨਲ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਯੂਟੀਊਬ ਤੇ ਫੇਸਬੁਕ ’ਤੇ ਵੀ ਕੀਰਤਨ ਦਾ ਸਿੱਧਾ ਪ੍ਰਸਾਰਨ ਦਿਖਾਇਆ ਜਾ ਰਿਹਾ ਹੈ। ਸਿੱਖ ਸੰਸਥਾ ਵੱਲੋਂ ਸੈਟੇਲਾਈਟ ਚੈਨਲ ਨਿਰੋਲ ਧਾਰਮਿਕ ਕਾਰਜਾਂ ਵਾਸਤੇ ਚਲਾਉਣ ਦੀ ਪ੍ਰਵਾਨਗੀ ਮੰਗੀ ਗਈ ਹੈ, ਜਿਸ ਰਾਹੀਂ ਮਸ਼ਹੂਰੀ ਆਦਿ ਨਹੀਂ ਦਿਖਾਈ ਜਾਵੇਗੀ।