Punjab News : ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਇਕ ਤਸਕਰ ਨੂੰ ਉਸ ਵੇਲੇ ਹੈਰੋਇਨ ਸਮੇਤ ਕਾਬੂ ਕੀਤਾ , ਜਦੋਂ ਉਹ ਸਰਹੱਦ ਨੇੜਿਓਂ ਪਾਕਿਸਤਾਨ ਤੋਂ ਆਈ ਹੈਰੋਇਨ ਨੂੰ ਚੁੱਕ ਕੇ ਡਲਿਵਰੀ ਕਰਨ ਜਾ ਰਿਹਾ ਸੀ। ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੋਪੋਕੇ ਨਜਦੀਕ ਕੀਤੀ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਚਾਲਕ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਦੌਰਾਨ ਇਕ ਕਿਲੋ ਹੈਰੋਇਨ ਦਾ ਪੈਕੇਟ ਮਿਲਿਆ ਤੇ ਨਾਲ ਹੀ ਮੋਬਾਇਲ ਫੋਨ ਬਰਾਮਦ ਹੋਇਆ। 

 

ਤਸਕਰ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ ਤੇ ਪੁਲਿਸ ਸੂਤਰਾਂ ਮੁਤਾਬਕ ਉਸ ਦੇ ਕੋਲੋਂ ਬਰਾਮਦ ਹੋਏ ਮੋਬਾਇਲ ਫੋਨ 'ਚੋ ਕਈ ਪਾਕਿਸਤਾਨੀ ਤਸਕਰਾਂ ਦੇ ਲਿੰਕ ਤੇ ਨੰਬਰ ਮਿਲੇ ਹਨ ,ਜਿਸ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ  ਮੁਤਾਬਕ ਇਹ ਹੈਰੋਇਨ ਕੰਡਿਆਲੀ ਤਾਰੋਂ ਪਾਰ ਸੁੱਟ ਕੇ ਭਾਰਤ ਵਾਲੇ ਪਾਸੇ ਭੇਜੇ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਲੋਪੋਕੇ ਥਾਣੇ 'ਚ ਮਾਮਲਾ ਦਰਜ ਕੀਤਾ ਹੈ।

 


 

ਦੱਸ ਦੇਈਏ ਕਿ ਪੰਜਾਬ ਵਿੱਚ ਹੁਣ ਹਰ ਰੋਜ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਅਤੇ ਪਿੰਡਾਂ 'ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਪੂਰੇ ਪੰਜਾਬ 'ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ। ਨਸ਼ਿਆਂ ਨੂੰ ਰੋਕਣ 'ਚ ਪੁਲਿਸ ਦੇ ਅਸਫਲ ਰਹਿਣ ਕਾਰਣ ਘਰ-ਘਰ ਸੱਥਰ ਵਿਛਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਜਿਸ ਕਾਰਨ ਲੋਕ ਪੁਲਿਸ ਅਤੇ ਸੂਬਾ ਸਰਕਾਰ ਨੂੰ ਕੋਸ ਰਹੇ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।