Amritsar News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ। ਇਸ ਦੌਰਾਨ ਸੁਖਬੀਰ ਬਾਦਲ ਨੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਦਾ ਹਾਲ-ਚਾਲ ਜਾਣਿਆ। ਸੁਖਬੀਰ ਬਾਦਲ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਸ਼੍ਰੀ ਹਜ਼ੂਰ ਸਾਹਿਬ ਵਿਖੇ ਗੈਰ ਸਿੱਖ ਨੂੰ ਪ੍ਰਬੰਧਕ ਲਾਉਣ ਦੇ ਫੈਸਲੇ ਨੂੰ ਤਰੁੰਤ ਵਾਪਸ ਲਿਆ ਜਾਵੇ।
ਸੁਖਬੀਰ ਬਾਦਲ ਨੇ ਖੇੜਾ ਨਾਲ ਕੀਤੀ ਮੁਲਾਕਾਤ
ਭਾਈ ਗੁਰਦੀਪ ਸਿੰਘ ਖੇੜਾ ਨਾਲ ਮੁਲਕਾਤ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਭੁਗਤਦੇ ਹੋਏ 34 ਸਾਲ ਹੋ ਗਏ ਹਨ ਪਰ ਅਜੇ ਤੱਕ ਇਨ੍ਹਾਂ ਨੂੰ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਹੋਰਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਵਾਇਆ ਪਰ ਸਰਕਾਰਾਂ ਇਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀਆਂ ਹਨ। ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਨੇ ਕਿਹਾ ਪਰਸੋਂ ਰਾਤ ਅਚਾਨਕ ਦਿਲ ਦਾ ਦਰਦ ਹੋਣ ਕਰਕੇ ਇੱਥੇ ਭਰਤੀ ਹੋਏ ਸੀ। ਸੁਖਬੀਰ ਬਾਦਲ ਹਾਲ ਪੁੱਛਣ ਪਹੁੰਚੇ ਸੀ। ਉਨ੍ਹਾਂ ਨੇ ਮੁਸ਼ਕਲਾਂ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਇੱਥੇ ਇਲਾਜ ਠੀਕ ਹੋ ਰਿਹਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਵੀ ਵਿਰੋਧ
ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਦੀ ਨਿਯੁਕਤੀ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣਾ ਇਹ ਵਿਰੋਧ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੱਤਰ ਭੇਜ ਕੇ ਦਰਜ ਕਰਵਾਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਹੁਣ ਤਕ ਜ਼ਿਆਦਾਤਰ ਸਿੱਖਾਂ ਨੂੰ ਹੀ ਤਾਇਨਾਤ ਕੀਤਾ ਜਾਂਦਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇੱਕ ਗੈਰ-ਸਿੱਖ ਅਧਿਕਾਰੀ ਨੂੰ ਗੁਰਦੁਆਰਾ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕਰਨਾ ਸਿੱਖ ਭਾਵਨਾਵਾਂ ਤੇ ਮਰਿਆਦਾ ਅਨੁਸਾਰ ਨਹੀਂ ਹੈ। ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ।
ਇਹ ਵੀ ਪੜ੍ਹੋ: Amritsar News: ‘ਸਿੱਖਿਆ ਲੰਗਰ’ ਲਹਿਰ ਸ਼ੁਰੂ ਕਰਨ ਦਾ ਐਲਾਨ, ਦੇਸ਼ ਭਰ ਦੇ ਗੁਰਦੁਆਰਿਆਂ 'ਚ ਖੋਲ੍ਹੇ ਜਾਣਗੇ ਹੁਨਰ ਵਿਕਾਸ ਕੇਂਦਰ