NRI Attack: ਅੰਮ੍ਰਿਤਸਰ 'ਚ ਇੱਕ NRI ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਸੁਖਚੈਨ ਸਿੰਘ ਨੂੰ 2 ਗੋਲ਼ੀਆਂ ਮਾਰੀਆਂ। ਇਸ ਵਾਰਦਾਤ ਦੀ ਸੀਸੀਟੀਵੀ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੀਆਂ ਹਨ। ਸੁਖਬੀਰ ਬਾਦਲ ਨੇ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।


ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ, ਪੰਜਾਬ ਦੇ ਅੱਜ ਦੇ ਹਾਲਾਤ ਦੇਖ ਬਹੁਤ ਦੁੱਖੀ ਹਾਂ, ਅੱਜ ਸਵੇਰੇ ਦੁਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਵੀਰ ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ।  ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਹਨ ਪਰ ਨਿਰਦਈ ਬਦਮਾਸ਼ਾਂ ਨੇ ਇੱਕ ਨਹੀਂ ਸੁਣੀ।






ਮੁੱਖ ਮੰਤਰੀ ਭਗਵੰਤ ਮਾਨ, ਤੁਹਾਡੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਹਰ ਦਿਨ ਹੋ ਰਹੀਆਂ ਹਨ,ਪੰਜਾਬੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਰਹੇ , ਮੈਂ ਸਮਝਦਾ ਹਾਂ ਕਿ ਤੁਹਾਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ... ਬੁਰੀ ਤਰ੍ਹਾਂ ਜਖਮੀ ਜੇਰੇ ਇਲਾਜ ਸੁਖਚੈਨ ਸਿੰਘ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।


ਜਾਣਕਾਰੀ ਮੁਤਾਬਕ, ਤੜਕਸਾਰ ਦੋ ਨੌਜਵਾਨ ਬਾਈਕ 'ਤੇ ਆਏ ਅਤੇ ਘਰ 'ਚ ਦਾਖਲ ਹੋ ਗਏ। ਜਿਵੇਂ ਹੀ ਉਹ ਘਰ ਅੰਦਰ ਵੜਿਆ ਤਾਂ ਮੁਲਜ਼ਮ ਸੁਖਚੈਨ ਦੀ ਮਰਸਡੀਜ਼ ਕਾਰ ਦੇ ਕਾਗਜ਼ਾਤ ਦਿਖਾਉਣ ਦੀ ਮੰਗ ਕਰਨ ਲੱਗੇ। ਜਦੋਂ ਸੁਖਚੈਨ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਹਥਿਆਰ ਦਿਖਾ ਕੇ ਸੁਖਚੈਨ ਸਿੰਘ ਨੂੰ ਅੰਦਰ ਲੈ ਗਏ। ਮੁਲਜ਼ਮ ਨੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ ਜਿਸ ਵਿੱਚੋਂ 2 ਗੋਲੀਆਂ ਸੁਖਚੈਨ ਸਿੰਘ ਨੂੰ ਲੱਗੀਆਂ। ਮੁਲਜ਼ਮ ਸੁਖਚੈਨ ’ਤੇ ਹੋਰ ਗੋਲੀਆਂ ਚਲਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਮੌਕੇ ਉੱਤੇ ਅਸਲਾ ਜਾਮ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।