Amritsar News: ਬੇਸ਼ੱਕ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਉਮੀਦਾਂ ਉਪਰ ਅਜੇ ਖਰੀ ਨਾ ਉੱਤਰੀ ਹੋਏ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਕਾਫੀ ਕੁਝ ਬਦਲਿਆ ਨਜ਼ਰ ਆ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਆਪਣਾ ਸਾਲਾਨਾ ਬਜਟ ਸੰਗਤ ਦੀ ਸਲਾਹ ਨਾਲ ਬਣਾਏਗੀ। 


ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਬਜਟ ਤੇ ਫੰਡਾਂ ਨੂੰ ਲੈ ਕੇ ਅਕਸਰ ਹੀ ਅਲੋਚਨਾ ਦਾ ਸ਼ਿਕਾਰ ਹੁੰਦੀ ਹੈ। ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਬਜਟ ਤਿਆਰ ਕਰਨ ਵੇਲੇ ਕਿਸੇ ਹੋਰ ਧਿਰ ਦੀ ਸਲਾਹ ਨਹੀਂ ਲਈ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਜਟ ਬਣਾਉਣ ਲਈ ਲੋਕਾਂ ਦੀ ਸਲਾਹ ਲੈਣ ਦੀ ਪਿਰਤ ਪਾਈ ਹੈ। ਇਸ ਦਾ ਪ੍ਰਭਾਵ ਹੀ ਸਮਝਿਆ ਜਾ ਸਕਦਾ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵੀ ਆਪਣਾ ਸਾਲਾਨਾ ਬਜਟ ਸੰਗਤ ਦੀ ਸਲਾਹ ਨਾਲ ਬਣਾਏਗੀ। 



ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਤਿਆਰ ਕਰਨ ਲਈ ਇਸ ਸਾਲ ਸੰਗਤ ਦੇ ਸੁਝਾਅ ਵੀ ਲਏ ਜਾਣਗੇ ਤੇ ਬਜਟ ਸਬੰਧੀ ਵਿਚਾਰ ਤੇ ਸੁਝਾਅ ਭੇਜਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਕ ਈਮੇਲ ਜਾਰੀ ਕੀਤੀ ਗਈ ਹੈ ਜੋ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਵੀ ਦਰਸਾਈ ਗਈ ਹੈ। ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਅਗਲੇ ਮਹੀਨੇ ਮਾਰਚ ਵਿਚ ਸੱਦਿਆ ਜਾਣਾ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਕ ਸਬ-ਕਮੇਟੀ ਬਣਾਈ ਗਈ ਹੈ। 



ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਮੈਂਬਰ ਰਾਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਗੁਰਬਖ਼ਸ਼ ਸਿੰਘ ਖਾਲਸਾ, ਸਰਵਨ ਸਿੰਘ ਕੁਲਾਰ ਤੇ ਕੁਲਵੰਤ ਸਿੰਘ ਮੰਨਣ ਸ਼ਾਮਲ ਹਨ। 



ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗਰੇਵਾਲ ਨੇ ਦੱਸਿਆ ਕਿ ਇਸ ਵਾਰ ਬਜਟ ਤਰਜੀਹਾਂ ਨਿਰਧਾਰਤ ਕਰਨ ਵਾਸਤੇ ਸਬ-ਕਮੇਟੀ ਦੇ ਵਿਚਾਰ ਅਤੇ ਸੁਝਾਅ ਤੋਂ ਇਲਾਵਾ ਸੰਗਤ ਦੇ ਸੁਝਾਅ ਵੀ ਲਏ ਜਾ ਰਹੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਬਜਟ ਨੂੰ ਲੈ ਕੇ ਆਪੋ-ਆਪਣੇ ਕੀਮਤੀ ਸੁਝਾਅ ਭੇਜਣ ਤਾਂ ਜੋ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਬਜਟ ਤਿਆਰ ਕੀਤਾ ਜਾ ਸਕੇ। 


ਉਨ੍ਹਾਂ ਦੱਸਿਆ ਕਿ ਬਜਟ ਸਬ-ਕਮੇਟੀ ਦੀਆਂ ਮੀਟਿੰਗਾਂ ਬੀਤੇ ਇੱਕ ਮਹੀਨੇ ਤੋਂ ਜਾਰੀ ਹਨ, ਜਿਸ ਵਿਚ ਵੱਖ-ਵੱਖ ਵਿੱਤੀ ਪਹਿਲੂਆਂ ਨੂੰ ਵਿਚਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਤ ਤੋਂ ਸੁਝਾਅ ਲੈਣ ਦੇ ਯਤਨ ਪਹਿਲੀ ਵਾਰ ਕੀਤੇ ਜਾ ਰਹੇ ਹਨ ਜੋ ਅਹਿਮ ਹੋਣਗੇ।