NRI Attack: ਅੰਮ੍ਰਿਤਸਰ 'ਚ ਇੱਕ NRI ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਸੁਖਚੈਨ ਸਿੰਘ ਨੂੰ 2 ਗੋਲ਼ੀਆਂ ਮਾਰੀਆਂ। ਇਸ ਵਾਰਦਾਤ ਦੀ ਸੀਸੀਟੀਵੀ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੀਆਂ ਹਨ। ਇਸ ਤੋਂ ਬਾਅਦ ਹੁਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।


ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨਾਲ ਰਾਬਤਾ ਕੀਤਾ ਹੈ ਤੇ ਕਿਹਾ ਹੈ ਕਿ ਪਰਿਵਾਰ ਉੱਤੇ ਗੋਲ਼ੀਆਂ ਚਲਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਧਾਲੀਵਾਲ ਨੇ ਭਰੋਸਾ ਦਵਾਇਆ ਕਿ ਐਨਆਰਆਈ ਦੇ ਜਾਨਮਾਲ ਦੀ ਰਾਖੀ ਕਰਨਾ ਉਨ੍ਹਾਂ ਦੀ ਸਰਕਾਰ ਦਾ ਫਰਜ਼ ਹੈ ਤੇ ਜਿਨ੍ਹਾਂ ਨੇ ਵੀ ਇਹ ਵਾਰਦਾਤ ਕੀਤੀ ਹੈ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਮੰਤਰੀ ਧਾਲੀਵਾਲ ਨੇ ਕਿਹਾ ਕਿ ਬੀਤੇ ਦਿਨੀਂ ਵੀ ਲੁਧਿਆਣਾ ਵਿੱਚ ਵੀ ਅਜਿਹੀ ਵਾਰਦਾਤ ਹੋਈ ਸੀ ਜਿਸ ਵਿੱਚ ਮਾਮਲਾ ਉਨ੍ਹਾਂ ਦਾ ਨਿੱਜੀ ਝਗੜਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਹ ਪਤਾ ਕਰ ਰਹੀ ਹੈ ਕਿ ਉਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਤਾਂ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਨਆਰਆਈ ਭਰਾਵਾਂ ਨੂੰ ਬੇਨਤੀ ਕੀਤੀ ਕਿ ਜੋ ਵੀ ਉਨ੍ਹਾਂ ਨੇ ਜ਼ਮੀਨਾਂ-ਜਾਇਦਾਦਾਂ ਦੇ ਮਾਮਲੇ ਹਨ ਉਨ੍ਹਾਂ ਨੂੰ ਬੈਠ ਕੇ ਨਜਿੱਠਿਆ ਜਾਵੇ।  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਜਿਸ ਨੇ ਵੀ ਇਹ ਵਾਰਦਾਤ ਕੀਤੀ ਹੈ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਸੁਖਬੀਰ ਬਾਦਲ ਨੇ ਕੀਤੀ ਅਸਤੀਫ਼ੇ ਦੀ ਮੰਗ


ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ, ਪੰਜਾਬ ਦੇ ਅੱਜ ਦੇ ਹਾਲਾਤ ਦੇਖ ਬਹੁਤ ਦੁੱਖੀ ਹਾਂ, ਅੱਜ ਸਵੇਰੇ ਦੁਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਵੀਰ ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ।  ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਹਨ ਪਰ ਨਿਰਦਈ ਬਦਮਾਸ਼ਾਂ ਨੇ ਇੱਕ ਨਹੀਂ ਸੁਣੀ।