Amritsar News: ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ ਹੈ। ਗੋਲ ਬਾਗ ਪਾਰਕ ਵਿੱਚ ਫੂਡ ਸਟਰੀਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਘਣਸ਼ਾਮ ਥੋਰੀ ਨੇ ਹੋਰ ਅਧਿਕਾਰੀਆਂ ਨੂੰ ਲੈ ਕੇ ਇਸ ਥਾਂ ਦਾ ਦੌਰਾ ਵੀ ਕੀਤਾ ਹੈ। ਫੂਡ ਸਟਰੀਟ ਬਣਨ ਨਾਲ ਬਾਹਰੋਂ ਆਉਣ ਵਾਲੇ ਸੈਲਾਨੀਆਂ ਤੇ ਯਾਤਰੀਆਂ ਨੂੰ ਲਾਹਾ ਹੋਏਗਾ। ਉਹ ਅੰਮ੍ਰਿਤਸਰ ਦੇ ਪ੍ਰਸਿੱਧ ਭੋਜਨਾਂ ਦਾ ਇੱਕੋ ਥਾਂ ਤੋਂ ਲੁਤਫ ਲੈ ਸਕਣਗੇ।


ਡਿਪਟੀ ਕਮਿਸ਼ਨਰ ਥੋਰੀ ਜਿਨ੍ਹਾਂ ਕੋਲ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਅਹੁਦਾ ਹੈ, ਵੱਲੋਂ ਗੋਲਬਾਗ ਪਾਰਕ ਵਿੱਚ ਫੂਡ ਸਟਰੀਟ ਵਿਕਸਤ ਕਰਨ ਲਈ ਇਲਾਕੇ ਦਾ ਮੁਆਇਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਇਲਾਕਾ ਸੈਲਾਨੀਆਂ ਦੀ ਪਹੁੰਚ ਦਾ ਕੇਂਦਰ ਬਿੰਦੂ ਹੈ। ਇਸ ਲਈ ਇਸ ਇਲਾਕੇ ਨੂੰ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਇਲਾਕੇ ਦੀ ਪਹੁੰਚ ਵੇਖਦੇ ਹੋਏ ਇੱਥੇ ਫੂਡ ਸਟਰੀਟ ਵਿਕਸਤ ਕਰਨ ਲਈ ਅਧਿਕਾਰੀਆਂ ਨੂੰ ਯੋਜਨਾਬੰਦੀ ਕਰਨ ਦੇ ਨਿਰਦੇਸ਼ ਦਿੱਤੇ ਹਨ।


ਉਨ੍ਹਾਂ ਕਿਹਾ ਕਿ ਜੇ ਇਸ ਇਲਾਕੇ ਵਿੱਚ ਫੂਡ ਸਟਰੀਟ ਬਣਦੀ ਹੈ ਤਾਂ ਇਸ ਨਾਲ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਤੇ ਯਾਤਰੀਆਂ ਨੂੰ ਸਥਾਨਕ ਪ੍ਰਸਿੱਧ ਖਾਣੇ ਦਾ ਸਵਾਦ ਚਖਾਉਣ ਲਈ ਵਧੀਆ ਇਲਾਕਾ ਮਿਲ ਸਕਦਾ ਹੈ, ਜੋ ਦਰਬਾਰ ਸਾਹਿਬ ਤੇ ਜੱਲਿਆਂਵਾਲਾ ਬਾਗ ਦੇ ਨੇੜੇ ਤੇ ਦੁਰਗਿਆਣਾ ਮੰਦਰ ਦੇ ਵੀ ਬਿਲਕੁੱਲ ਨਾਲ ਹੈ। ਉਨ੍ਹਾਂ ਕਿਹਾ ਕਿ ਯਾਤਰੀ ਇੱਥੋਂ ਦੇ ਦਰਸ਼ਨੀ ਸਥਾਨਾਂ ਦੀ ਯਾਤਰਾ ਦੇ ਨਾਲ-ਨਾਲ ਖਾਣ ਪੀਣ ਦਾ ਮਜ਼ਾ ਲੈਣ ਦਾ ਵੀ ਸ਼ੌਕ ਰੱਖਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸ਼ਹਿਰ ਦੇ ਪ੍ਰਸਿੱਧ ਖਾਣੇ ਇਕ ਹੀ ਸਥਾਨ ਉੱਤੇ ਪਰੋਸਣ ਲਈ ਵਧੀਆ ਇਲਾਕਾ ਦਿੱਤਾ ਜਾਵੇ।


ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਗਲਿਆਰਾ ਕਾਰ ਪਾਰਕਿੰਗ ਦਾ ਦੌਰਾ ਕਰ ਕੇ ਉੱਥੇ ਸਫ਼ਾਈ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੁੱਡਾ ਅਧਿਕਾਰੀਆਂ ਨੂੰ ਕਾਰ ਪਾਰਕਿੰਗ ਦੀ ਸੰਭਾਲ ਵੱਲ ਉੱਚੇਚਾ ਧਿਆਨ ਦੇਣ ਤੇ ਸ਼ਰਧਾਲੂਆਂ ਦੀ ਵਰਤੋਂ ਵਿਚ ਆਉਣ ਵਾਲੇ ਪਖਾਨਿਆਂ ਦੀ ਸਫ਼ਾਈ ਤੇ ਰੋਸ਼ਨੀ ਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਨਗਰ ਨਿਗਮ ਦੇ ਜਾਇੰਟ ਕਮਿਸ਼ਨਰ ਹਰਦੀਪ ਸਿੰਘ, ਵਿਸ਼ਾਲ ਵਧਾਵਨ, ਐਸਈ ਸੰਦੀਪ ਸਿੰਘ, ਅਸਟੇਟ ਅਫ਼ਸਰ ਧਰਮਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।