Manmohan Singh Died: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੇ 92 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਡਾ: ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ। 


ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਚਪਨ ਦੇ ਦਿਨਾਂ ਤੇ ਉਨ੍ਹਾਂ ਦੇ ਨਿਮਰ ਸੁਭਾਅ ਨੂੰ ਯਾਦ ਕਰਦਿਆਂ ਅੰਮ੍ਰਿਤਸਰ ਦੇ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ। ਡਾ: ਮਨਮੋਹਨ ਸਿੰਘ ਦਾ ਅੰਮ੍ਰਿਤਸਰ ਨਾਲ ਡੂੰਘਾ ਸਬੰਧ ਹੈ ਕਿਉਂਕਿ ਵੰਡ ਤੋਂ ਬਾਅਦ ਸਾਬਕਾ ਪੀਐਮ ਅੰਮ੍ਰਿਤਸਰ ਵਿੱਚ ਰਹਿੰਦੇ ਸਨ।



ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਤੋਂ ਆਏ ਸਨ ਤਾਂ ਉਹ ਇੱਥੇ ਰਹਿੰਦੇ ਸਨ। ਉਸ ਸਮੇਂ ਉਹ ਬਹੁਤ ਛੋਟੇ ਸਨ ਪਰ ਅੱਜ ਇਲਾਕੇ ਦੇ ਲੋਕ ਇਸ ਗੱਲੋਂ ਦੁਖੀ ਹਨ ਕਿ ਡਾ: ਮਨਮੋਹਨ ਸਿੰਘ ਇਸ ਦੁਨੀਆ ਵਿਚ ਨਹੀਂ ਰਹੇ।


ਸਾਬਕਾ ਪ੍ਰਧਾਨ ਮੰਤਰੀ ਅੰਮ੍ਰਿਤਸਰ ਦੇ ਮਜੀਠਾ ਮੰਡੀ ਦੇ ਪੇਠੇਵਾਲਾ ਬਾਜ਼ਾਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਹਾਲਾਂਕਿ, ਅੱਜ ਉਸ ਘਰ ਦੇ ਨੇੜੇ ਕੋਈ ਨਹੀਂ ਰਹਿੰਦਾ। ਮਨਮੋਹਨ ਸਿੰਘ ਦੀਆਂ ਯਾਦਾਂ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਨਾਲ ਜੁੜੀਆਂ ਹੋਈਆਂ ਹਨ। ਸਾਲ 1951 ਵਿੱਚ ਮਨਮੋਹਨ ਸਿੰਘ ਨੇ ਬੀਏ ਅਰਥ ਸ਼ਾਸਤਰ ਦਾ ਕੋਰਸ ਕਰਨ ਲਈ ਹਿੰਦੂ ਕਾਲਜ, ਅੰਮ੍ਰਿਤਸਰ ਵਿੱਚ ਦਾਖਲਾ ਲਿਆ।


ਮਨਮੋਹਨ ਸਿੰਘ ਦਾ ਜਨਮ ਪੰਜਾਬ ਸੂਬੇ ਦੇ ਗਾਹ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਦੇ ਚਕਵਾਲ ਜ਼ਿਲ੍ਹੇ ਦਾ ਹਿੱਸਾ ਹੈ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਗਿਆ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਤੋਂ ਪੂਰੀ ਕੀਤੀ ਅਤੇ ਇੱਥੋਂ ਦੇ ਹਿੰਦੂ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ।



ਏਜੰਸੀ ਮੁਤਾਬਕ ਸਥਾਨਕ ਨਿਵਾਸੀ ਰਾਜ ਕੁਮਾਰ (71) ਨੇ ਦੱਸਿਆ, "ਮਨਮੋਹਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪੇਠਾਵਾਲਾ ਬਾਜ਼ਾਰ ਵਿੱਚ ਰਹਿੰਦਾ ਸੀ। ਮੈਂ ਉਦੋਂ ਬੱਚਾ ਸੀ ਜਦੋਂ ਉਨ੍ਹਾਂ ਦਾ ਪਰਿਵਾਰ ਇੱਥੋਂ ਚਲਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਜਿਸ ਘਰ ਵਿੱਚ ਮਨਮੋਹਨ ਸਿੰਘ ਦਾ ਪਰਿਵਾਰ ਰਹਿੰਦਾ ਸੀ, ਉਹ ਹੁਣ ਖਸਤਾ ਹਾਲਤ ਵਿੱਚ ਹੈ ਕਿਉਂਕਿ ਉੱਥੇ ਕੋਈ ਵੀ ਨਹੀਂ ਰਹਿੰਦਾ ਕਿਉਂਕਿ ਉਹ ਕਾਫੀ ਸਮਾਂ ਪਹਿਲਾਂ ਇਸ ਜਗ੍ਹਾ ਨੂੰ ਛੱਡ ਕੇ ਚਲੇ ਗਏ ਸਨ। ਸਮਾਜ ਸੇਵਕ ਪਵਨਦੀਪ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੇ ਇੱਕ ਕੀਮਤੀ ਹੀਰਾ ਗੁਆ ਦਿੱਤਾ ਹੈ। ਡਾ: ਮਨਮੋਹਨ ਸਿੰਘ ਦੀ ਕਮੀ ਕਦੇ ਵੀ ਨਹੀਂ ਭਰੀ ਜਾਵੇਗੀ।