ਗਗਨਦੀਪ ਸ਼ਰਮਾ ਦੀ ਰਿਪੋਰਟ


ਅੰਮ੍ਰਿਤਸਰ 'ਚ ਚਾਰ ਨਵੰਬਰ ਨੂੰ ਬਾਈਪਾਸ ਸਥਿਤ ਐਨਆਈਆਈਜ਼ ਦੇ ਵਿਆਹ ਸਮਾਗਮ 'ਚ ਸ਼ਰਾਬ ਦੇ ਠੇਕੇਦਾਰਾਂ/ਕਰਿੰਦਿਆਂ ਨਾਲ ਹੋਏ ਵਿਵਾਦ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ ਤੇ ਇਸ ਮਾਮਲੇ 'ਚ ਪੀੜਤ ਐਨਆਰਆਈਜ਼ ਨੇ ਭਵਿੱਖ 'ਚ ਪੰਜਾਬ ਕਦੇ ਵੀ ਹੋਰ ਵਿਆਹ ਸਮਾਗਮ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ।


ਅੰਮ੍ਰਿਤਸਰ 'ਚ ਇੱਕੋ ਪਰਿਵਾਰ ਅਮਰੀਕਾ, ਕੈਨੇਡਾ ਤੇ ਇੰਗਲੈੰਡ ਤੋਂ ਐਨਆਰਆਈਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਪੁਲਸ 'ਤੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਧੱਕੇਸ਼ਾਹੀ ਕਰਨ ਤੇ ਹਮਲਾਵਰਾਂ ਨੂੰ ਬਚਾਉਣ ਦੇ ਦੋਸ਼ ਲਾਏ। ਐਨਆਰਆਈ ਕੰਵਰਦੀਪ ਸਿੰਘ ਸਮੇਤ ਸਾਰੇ ਪ੍ਰਵਾਸੀ ਭਾਰਤੀ ਰਿਸ਼ਤੇਦਾਰਾਂ ਨੇ ਕਿਹਾ ਸਾਨੂੰ ਇੱਥੇ ਇਨਸਾਫ਼ ਨਹੀਂ ਮਿਲ ਰਿਹਾ, ਕਿਉਂਕਿ ਪੁਲਿਸ ਹਮਲਾਵਰਾਂ ਦਾ ਸਾਥ ਦੇ ਰਹੀ ਹੈ ਤੇ ਉਲਟਾ ਸਾਡੇ ਰਿਸ਼ਤੇਦਾਰਾਂ ਦੇ ਘਰਾਂ 'ਚ ਹੀ ਦਬਾਅ ਪਾਉਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਸਾਰੇ ਪ੍ਰਵਾਸੀ ਭਾਰਤੀਆਂ ਨੇ ਇਕਸੁਰਤਾ 'ਚ ਕਿਹਾ ਕਿ ਅੱਗੇ ਤੋਂ ਇੱਥੇ ਵਿਆਹ/ਸਮਾਗਮ ਕਰਨ ਤੋਂ ਤੌਬਾ ਕਰ ਦਿੱਤੀ ਹੈ ਤੇ ਬਾਕੀ ਪ੍ਰਵਾਸੀਆਂ ਨੂੰ ਇਹੀ ਅਪੀਲ ਕੀਤੀ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ। ਉਨ੍ਹਾਂ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ। 
ਪ੍ਰਵਾਸੀ ਭਾਰਤੀ ਜਸਕਿਰਨ ਸੰਧੂ ਨੇ ਕਿਹਾ ਕਿ ਐਨਆਰਆਈਜ਼ ਨੇ ਭਗਵੰਤ ਮਾਨ ਨੂੰ ਬਹੁਤ ਉਮੀਦ ਨਾਲ ਵੋਟਾਂ ਪਾਈਆਂ ਸਨ ਪਰ ਸਾਡਾ ਵਿਸ਼ਵਾਸ਼ ਤੋੜਿਆ ਗਿਆ ਤੇ ਅਜਿਹਾ ਲੱਗਾ ਰਿਹਾ ਹੈ ਕਿ ਪੁਲਿਸ ਤੇ ਸਰਕਾਰ ਨੇ ਹੁਣ ਹੱਥ ਖੜੇ ਕਰ ਦਿੱਤੇ ਹਨ। ਸਾਡੇ ਰਿਸ਼ਤੇਦਾਰਾਂ ਨੂੰ ਸ਼ਰੇਆਮ ਠੇਕੇਦਾਰ ਧਮਕੀਆਂ ਦੇ ਰਹੇ ਹਨ। 


ਅਮਰੀਕਨ-ਕੈਨੇਡੀਅਨ ਅੰਬੈਸੀ ਦੇ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਸੰਧੂ ਤੇ ਕੰਵਰਦੀਪ ਨੇ ਕਿਹਾ ਕਿ ਸਾਡੇ ਸਾਰੇ ਰਿਸ਼ਤੇਦਾਰ ਤੇ ਉਨਾਂ ਦੇ ਬੱਚੇ ਖੌਫ 'ਚ ਹਨ ਤੇ ਸਹਿਮੇ ਹੋਏ ਹਨ ਤੇ ਵਾਪਸ ਜਾ ਰਹੇ ਹਨ।
ਕੰਵਰਦੀਪ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਪਹਿਲਾਂ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਦੇਣਗੇ ਤੇ ਫੇਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨੇ 'ਤੇ ਪਰਿਵਾਰ ਸਣੇ ਬੈਠਣਗੇ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।