Punjab News: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਸ਼ਹੀਦੀ ਅਰਦਾਸ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਫ਼ਸੀਲ ਤੋਂ ਸੰਦੇਸ਼ ਨਾ ਦੇਣ ਸੰਬੰਧੀ ਆਏ ਬਿਆਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ “ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਿੱਖਾਂ ਦਾ ਆਧਿਆਤਮਿਕ ਤਖਤ ਹੈ। ਇੱਥੇ ਨਿਮਰਤਾ ਅਤੇ ਸਨਮਾਨ ਨਾਲ, ਸ਼ਹੀਦਾਂ ਦੀ ਯਾਦ 'ਚ ਇਕਜੁੱਟ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ। ਕੁਲਦੀਪ ਸਿੰਘ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼, ਗ਼ੈਰ ਜਾਇਜ਼ ਅਤੇ ਵੰਡ ਪੈਦਾ ਕਰਨ ਵਾਲੀ ਗੱਲ ਹੈ। ਅਸੀਂ ਇਹੋ ਜਹੀ ਸ਼ਰਾਰਤ ਨਹੀਂ ਹੋਣ ਦਵਾਂਗੇ। 

 ਮਾਨ ਨੇ ਇਤਿਹਾਸ ਦੀ ਯਾਦ ਦਿਲਾਉਂਦੇ ਹੋਏ ਕਿਹਾ, “ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਨੇ ਹਮਲੇ ਕੀਤੇ ਤੇ ਉਹ ਚੜ੍ਹ ਕੇ ਆਏ ਸੀ ,ਪਰ ਇਹ ਤਖਤ ਅਟੱਲ ਰਿਹਾ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਾਬਾ ਹਰਨਾਮ ਸਿੰਘ ਧੁੰਮਾ ਇਸ ਤਖਤ ਦੀ ਮਰਿਆਦਾ ਨੂੰ ਬਣਾਈ ਰੱਖਣ ਅਤੇ ਆਪਣੇ ਬਿਆਨਾਂ ਵਿੱਚ ਸੰਜੀਦਗੀ ਅਤੇ ਸਤਿਕਾਰ ਨਿਭਾਊਣ।”

ਉਨ੍ਹਾ ਕਿਹਾ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ 6 ਜੂਨ ਨੂੰ ਹੋਣ ਵਾਲੇ ਸਮਾਗਮ ਪੂਰੇ ਸਾਂਝੇਪਣ, ਏਕਤਾ ਅਤੇ ਨਿਮਰਤਾ ਨਾਲ ਮਨਾਏ ਜਾਣ, ਤਾਂ ਜੋ ਸਾਡੇ ਸ਼ਹੀਦਾਂ ਦੀ ਯਾਦ ਅਸਲ ਰੂਪ ਵਿੱਚ ਸਫਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ “ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਹਰ ਸਾਲ 6 ਜੂਨ ਨੂੰ ਅਲੱਗ ਤੌਰ 'ਤੇ ਦਮਦਮੀ ਟਕਸਾਲ ਮਹਿਤਾ ਵਿਖੇ ਸਮਾਗਮ ਕਰਨਾ ਵੀ ਸਹੀ ਨਹੀ ਹੈ। ਇਹ ਸਮਾਂ ਵੰਡ ਦਾ ਨਹੀਂ, ਏਕਤਾ ਦਾ ਹੈ। ਅਸੀਂ ਅਪੀਲ ਕਰਦੇ ਹਾਂ ਕਿ ਇਹ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਕੀਤਾ ਜਾਵੇ, ਤਾਂ ਜੋ ਸਾਰੀ ਕੌਮ ਨੂੰ ਇੱਕ ਸੰਦੇਸ਼ ਦੀ ਇੱਕ ਹੀ ਅਵਾਜ਼ ਆਵੇ ।

ਜ਼ਿਕਰ ਕਰ ਦਈਏ ਕਿ  ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾੜਨਾ ਕੀਤੀ ਹੈ ਕਿ ਜੇਕਰ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਯਤਨ ਕੀਤਾ ਤਾਂ ਇਸ ਕਾਰਵਾਈ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਸਿੱਖ ਕੌਮ ਦੇ ਪ੍ਰਵਾਨਿਤ ਜਥੇਦਾਰ ਨਹੀਂ ਹਨ। ਉਨ੍ਹਾਂ ਨੂੰ ਸਮੂਹ ਸਿੱਖ ਕੌਮ ਵੱਲੋਂ ਮਾਨਤਾ ਨਹੀਂ ਮਿਲੀ ਹੈ, ਉਂਝ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਵੱਲੋਂ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਤੇ ਕਿਸੇ ਤਨਖਾਹੀਆ ਕਰਾਰ ਦਿੱਤੇ ਵਿਅਕਤੀ ਨੂੰ ਪੰਥ ਨੂੰ ਸੰਦੇਸ਼ ਦੇਣ ਦਾ ਕੋਈ ਹੱਕ ਨਹੀਂ ਹੈ।