Amritsar News: ਅੰਮ੍ਰਿਤਸਰ ਧਮਾਕਿਆਂ ਦੇ ਕੇਸ ਵਿੱਚ ਬੇਸ਼ੱਕ ਪੰਜ ਮੁਲਜ਼ਮ ਕਾਬੂ ਕਰ ਲਏ ਗਏ ਹਨ ਪਰ ਅਜੇ ਤੱਕ ਉਨ੍ਹਾਂ ਦੇ ਇਰਾਦਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਹ ਵੀ ਅਹਿਮ ਹੈ ਕਿ ਮੁਲਜ਼ਮਾਂ ਨੇ ਕਿਸੇ ਜਥੇਬੰਦੀ ਨਾਲ ਸਬੰਧਤ ਹੋਣ ਦੀ ਗੱਲ ਨਹੀਂ ਮੰਨੀ ਤੇ ਨਾ ਹੀ ਉਨ੍ਹਾਂ ਖਿਲਾਫ ਕੋਈ ਗੰਭੀਰ ਅਪਰਾਧਕ ਰਿਕਾਰਡ ਹੈ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੋਈ ਜਾਨੀ ਨੁਕਸਾਨ ਨਹੀਂ ਸੀ ਕਰਨਾ ਚਾਹੁੰਦੇ ਤੇ ਉਹ ਸਿਰਫ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਸੀ।
ਉਧਰ, ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਵੱਲੋਂ ਸਿਰਫ਼ ਤਿੰਨ ਬੰਬ ਹੀ ਨਹੀਂ ਸੀ ਸੁੱਟੇ ਗਏ ਸੀ ਬਲਕਿ ਉਨ੍ਹਾਂ ਨੇ ਪੱਤਰ ਵੀ ਸੁੱਟੇ ਸਨ। ਜਿਨ੍ਹਾਂ ਵਿੱਚ ਉਨ੍ਹਾਂ ਨੇ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਜ਼ਾਹਿਰ ਕੀਤੇ ਸਨ। ਪੁਲਿਸ ਦਾ ਦਾਅਵਾ ਹੈ ਕਿ ਪਹਿਲੇ ਦੋ ਬੰਬਾਂ ਨਾਲ ਸੁੱਟੇ ਪੱਤਰ ਪੂਰੀ ਤਰ੍ਹਾਂ ਸੜ ਗਏ ਸਨ ਤੇ ਉਨ੍ਹਾਂ ਦੇ ਬਚੇ ਟੁੱਕੜੇ ਹਵਾ ਵਿੱਚ ਉੱਡ ਗਏ ਸੀ। ਇਸ ਮਗਰੋਂ ਤੀਜੇ ਬੰਬ ਨਾਲ ਸੁੱਟੇ ਗਏ ਪੱਤਰਾਂ ਦੇ ਕੁਝ ਟੁੱਕੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਗੁਰੂ ਰਾਮ ਦਾਸ ਸਰਾਂ ਦੇ ਪਾਰਕ ਵਿੱਚੋਂ ਇਕੱਠੇ ਕੀਤੇ ਹਨ। ਇਨ੍ਹਾਂ ਵਿੱਚ ਮੁਲਜ਼ਮਾਂ ਨੇ ਲੜੀਵਾਰ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਦੱਸੇ ਸਨ।
ਪੁਲਿਸ ਮੁਤਾਬਕ ਮੁਲਜ਼ਮ ਅਜ਼ਾਦਵੀਰ ਨੇ ਬੰਬ ਨਾਲ ਸੁੱਟੇ ਗਏ ਪੱਤਰ ਪੰਜਾਬੀ ਵਿੱਚ ਲਿਖੇ ਸਨ। ਪੱਤਰਾਂ ਮੁਤਾਬਕ ਮੁਲਜ਼ਮ ਉਸ ਬਿਆਨ ਤੋਂ ਪ੍ਰੇਸ਼ਾਨ ਸਨ, ਜਿਸ ਵਿੱਚ ਕਿਹਾ ਗਿਆ ਸੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਹ ਬਿਆਨ ਉਸ ਵੇਲੇ ਸਾਹਮਣੇ ਆਏ ਸਨ ਜਦੋਂ ਇਕ ਲੜਕੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੂੰਹ ’ਤੇ ਕੌਮੀ ਝੰਡਾ ਬਣਾਉਣ ਕਾਰਨ ਉਸ ਨੂੰ ਦਰਬਾਰ ਸਾਹਿਬ ਵਿੱਚ ਜਾਣ ਤੋਂ ਰੋਕਿਆ ਗਿਆ।
ਇਸ ਤੋਂ ਇਲਾਵਾ ਪੁਲੀਸ ਵੱਲੋਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੀਤੀ ਕਾਰਵਾਈ ਨੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਸੀ। ਉਨ੍ਹਾਂ ਲਿਖਿਆ ਕਿ ਉਹ ਕੇਸ ਕਟਵਾਉਣ ਦੇ ਖ਼ਿਲਾਫ਼ ਹਨ ਤੇ ਵਾਲਾਂ ਨੂੰ ਕੈਂਚੀ ਲਵਾਉਣਾ ਗ਼ਲਤ ਹੈ। ਉਹ ਅੰਮ੍ਰਿਤਸਰ ਵਿੱਚ ਆਸਾਨੀ ਨਾਲ ਵਿਕ ਰਹੇ ਤੰਬਾਕੂ ਕਾਰਨ ਵੀ ਪ੍ਰੇਸ਼ਾਨ ਸਨ। ਪੁਲਿਸ ਮੁਤਾਬਕ ਪੱਤਰਾਂ ਦੇ ਸਾਰੇ ਟੁੱਕੜੇ ਨਹੀਂ ਮਿਲ ਸਕੇ ਤੇ ਜੋ ਹਿੱਸੇ ਮਿਲੇ ਹਨ, ਉਨ੍ਹਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਇਸ ਵਿੱਚ ਕਿਸ ਨੂੰ ਸੰਬੋਧਨ ਕੀਤਾ ਗਿਆ ਹੈ।