Amritsar News: ਅੰਮ੍ਰਿਤਸਰ ਵਿੱਚ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਸ਼ਹਿਰ ਦੇ ਥਾਣਾ ਗੇਟ ਹਕੀਮਾਂ ਦੇ ਗੇਟ ਅੱਗੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਹਿਮ ਗੱਲ ਹੈ ਕਿ ਪੁਲਿਸ ਥਾਣੇ ਦੇ ਬਾਹਰ ਹੀ ਨੌਜਵਾਨ ਉਪਰ ਫਾਇਰਿੰਗ ਕਰ ਦਿੱਤੀ ਗਈ। 


ਇਸ ਬਾਰੇ ਸਵਾਲ ਪੁੱਛੇ ਜਾਣ 'ਤੇ ਪੁਲਿਸ ਨੇ ਚੁੱਪੀ ਧਾਰੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਫਿਲਹਾਲ ਪਰਿਵਾਰ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ, ਮ੍ਰਿਤਕ ਨੌਜਵਾਨ ਦੀ ਮਾਤਾ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਮ੍ਰਿਤਕ ਨੌਜਵਾਨ ਨੂੰ ਕਿਡਨੈਪ ਕਰਕੇ ਮੰਗੀ ਪਰਿਵਾਰ ਤੋਂ ਫਿਰੌਤੀ ਮੰਗੀ ਗਈ ਸੀ। 



ਦਰਅਸਲ ਇੱਕ ਪਾਸੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੁਲਿਸ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਵਧਾ ਕੇ ਫਲੈਗ ਮਾਰਚ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ। ਦੂਜੇ ਪਾਸੇ ਪੁਲਿਸ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਥਾਣਾ ਗੇਟ ਹਕੀਮਾਂ ਪੁਲਿਸ ਸਟੇਸ਼ਨ ਦੇ ਗੇਟ ਦੇ ਉੱਪਰ ਹੀ ਅਣਪਛਾਤੇ ਵਿਅਕਤੀ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਉਥੋਂ ਫਰਾਰ ਹੋ ਗਏ। ਪੁਲਿਸ ਕੁਝ ਵੀ ਨਾ ਕਰ ਸਕੀ ਤੇ ਥਾਣੇ ਦੇ ਬਾਹਰ ਹੀ ਨੌਜਵਾਨ ਦੀ ਮੌਤ ਹੋ ਗਈ। 


ਇਸ ਸਬੰਧ ਵਿੱਚ ਮ੍ਰਿਤਕ ਨੌਜਵਾਨ ਰਾਜਵੀਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਨਵਾਂ ਪਲਾਟ ਖਰੀਦਿਆ ਸੀ। ਉਸ ਦੀ ਰਜਿਸਟਰੀ ਕਰਾ ਕੇ ਉਹ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦਾ ਬੇਟਾ ਆਪਣੇ ਕਿਸੇ ਕੰਮ ਲਈ ਬਾਹਰ ਚਲਾ ਗਿਆ। ਉਸ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਥਾਣੇ ਦੇ ਬਾਹਰ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ। 


ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੇ ਬੇਟੇ ਨੂੰ ਕਿਡਨੈਪ ਵੀ ਕੀਤਾ ਗਿਆ ਸੀ ਤਾਂ ਉਸ ਦੌਰਾਨ ਕਿਡਨੈਪਰਾ ਵੱਲੋਂ ਉਸ ਕੋਲੋਂ ਤਿੰਨ ਲੱਖ ਰੁਪਏ ਦੀ ਫਰੌਤੀ ਵੀ ਮੰਗੀ ਗਈ ਸੀ। ਉਨ੍ਹਾਂ 3 ਲੱਖ ਰੁਪਏ ਦੇ ਕੇ ਆਪਣੇ ਬੇਟੇ ਦੀ ਜਾਨ ਬਚਾਈ ਸੀ ਪਰ ਅੱਜ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਥਾਣੇ ਦੇ ਬਾਹਰ ਉਸ ਦੇ ਬੇਟੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉੱਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਹ ਇਨਸਾਫ ਦੀ ਗੁਹਾਰ ਲਾ ਰਹੇ ਹਨ।


ਇਸ ਸਾਰੇ ਮਾਮਲੇ ਵਿੱਚ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਥਾਣੇ ਦੇ ਬਾਹਰ ਇੱਕ ਨੌਜਵਾਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ। ਉਸ ਦੀ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਰਾਜਵੀਰ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਇੱਕ ਪਾਸੇ ਪੁਲਿਸ ਫਲੈਗ ਮਾਰਚ ਕਰ ਰਹੀ ਹੈ ਤੇ ਦੂਸਰੇ ਪਾਸੇ ਥਾਣੇ ਬਾਹਰ ਗੋਲੀ ਚੱਲ ਗਈ ਤਾਂ ਇਸ ਉੱਪਰ ਪੁਲਿਸ ਅਧਿਕਾਰੀ ਵੀ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ।



ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਵੀ ਥਾਣਾ ਗੇਟ ਹਕੀਮਾ ਤੋਂ 200 ਮੀਟਰ ਦੀ ਦੂਰੀ ਉੱਪਰ ਇੱਕ ਰੇੜੀ ਉੱਪਰ ਕੁਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰੀਆਂ ਗਈਆਂ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਥਾਣਾ ਗੇਟ ਹਕੀਮਾਂ ਦੇ ਪੁਲਿਸ ਮੁਖੀ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਥਾਣੇ ਤੋਂ ਬਦਲ ਦਿੱਤਾ ਗਿਆ ਪਰ ਹੁਣ ਫਿਰ ਥਾਣੇ ਦੇ ਬਿਲਕੁਲ ਗੇਟ ਦੇ ਬਾਹਰ ਹੀ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀ ਫਰਾਰ ਹੋ ਗਏ। ਅਜਿਹਾ ਲੱਗ ਰਿਹਾ ਕਿ ਹੁਣ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਖੌਫ ਨਹੀਂ ਰਿਹਾ।