Amritsar : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਅਤੇ ਫੇਸਬੁੱਕ 'ਤੇ ਆਪਣਾ ਚੈਨਲ ਬਣਾਇਆ ਹੈ। ਜਿਸ 'ਤੇ ਕੁੱਝ ਹੀ ਦਿਨਾਂ ਵਿੱਚ ਕਾਫ਼ੀ ਵਿਊਜ਼ ਆਏ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਜੁੜ ਗਏ। 


ਯੂਟਿਊਬ ਨੇ ਸ਼੍ਰੋਮਣੀ ਕਮੇਟੀ ਨੂੰ ਸਿਲਵਰ ਬਟਨ ਯੂਟਿਊਬ ਕ੍ਰੇਟਰਸ ਐਵਾਰਡ ਭੇਜਿਆ ਹੈ। ਕਮੇਟੀ ਦੇ ਯੂਟਿਊਬ ਚੈਨਲ ਐਸਜੀਪੀਸੀ ਦੇ ਸਬਸਕ੍ਰਾਈਬਰ ਕੁਝ ਦਿਨਾਂ 'ਚ ਇੱਕ ਲੱਖ ਹੋਣ ਉਪਰੰਤ ਯੂਟਿਊਬ ਨੇ ਸਿਲਵਰ ਬਟਨ ਯੂਟਿਊਬ ਕ੍ਰੇਟਰਸ ਐਵਾਰਡ ਭੇਜਿਆ ਹੈ।


ਮੌਜੂਦਾ ਸਮੇਂ  ਸ਼੍ਰੋਮਣੀ ਕਮੇਟੀ ਦੇ ਯੂਟਿਊਬ ਚੈਨਲ - SGPC, Sri Amritsar 'ਤੇ 2.28 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ ਅਤੇ ਚੈਨਲ ਨੂੰ ਕੁੱਲ 12,885,534 ਵਿਊਜ਼ ਹਨ ਅਤੇ ਇਸ ਚੈਨਲ 'ਤੇ ਕੁੱਲ 2500 ਤੋਂ ਵੱਧ ਵੀਡੀਓ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। 


ਜਦੋਂ ਕੋਈ ਚੈਨਲ 1 ਲੱਖ ਸਬਸਕ੍ਰਾਈਬਰ ਦਾ ਟਾਰਗੇਟ ਪੂਰਾ ਕਰ ਲੈਂਦਾ ਹੈ ਤਾਂ ਯੂਟਿਊਬ ਵੱਲੋਂ ਉਸ ਚੈਨਲ ਨੁੰ ਸਿਲਵਰ ਬਟਨ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਜੇਕਰ 10 ਲੱਖ ਸਬਸਕ੍ਰਾਈਬਰ ਹੋ ਜਾਣ ਤਾਂ ਗੋਲਡ ਬਟਨ ਮਿਲਦਾ ਹੈ, 1 ਕਰੋੜ ਸਬਸਕ੍ਰਾਈਬਰ ਪੂਰੇ ਹੋਣ 'ਤੇ ਡਾਇਮੰਡ ਬਟਨ ਦਿੱਤਾ ਜਾਂਦਾ ਹੈ। 



24 ਜੁਲਾਈ ਨੁੰ ਸ਼੍ਰੋਮਣੀ ਕਮੇਟੀ ਨੇ ਆਪਣਾ ਯੂਟਿਊਬ 'ਤੇ ਪਹਿਲਾ ਗੁਰਬਾਣੀ ਦਾ ਲਾਈਵ ਪ੍ਰਸਾਰਣ ਕੀਤਾ ਸੀ। ਜਿਸ ਨੇ ਇੱਕ ਵੱਡਾ ਰਿਕਾਰਡ ਹਾਸਲ ਕਰ ਲਿਆ ਹੈ। ਐੱਸਜੀਪੀਸੀ ਸ੍ਰੀ ਅੰਮ੍ਰਿਤਸਰ 'ਤੇ ਗੁਰਬਾਣੀ ਦੇ ਹੋਏ ਲਾਈਵ ਪ੍ਰਸਾਰਣ ਨੇ ਵਿਊਜ਼ ਨੂੰ ਲੈ ਕੇ ਰਿਕਾਰਡ ਤੋੜ ਦਿੱਤਾ ਹੈ। 


ਜਦੋਂ ਗੁਰਬਾਣੀ ਲਾਈਵ ਕੀਤੀ ਜਾ ਰਹੀ ਸੀ ਤਾਂ ਕਰੀਬ 12 ਤੋਂ 15 ਹਜ਼ਾਰ ਲੋਕ ਇਸ ਨੂੰ ਲਾਈਵ ਦੇਖ ਰਹੇ ਸਨ। ਪ੍ਰਸਾਰਣ ਦੇ ਆਖਰੀ ਸਮੇਂ ਇਹ ਵਿਊਜ਼ ਕਰੀਬ 40 ਹਜ਼ਾਰ ਤੱਕ ਹੋ ਗਏ ਸਨ। ਲਾਈਵ ਸਟ੍ਰੀਮ ਬੰਦ ਹੋਣ ਤੋਂ ਬਾਅਦ ਵੀ ਸਵੇਰ ਦੇ ਪ੍ਰਸਾਰਣ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। 



ਫਿਲਹਾਲ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਸੰਗਤਾਂ ਤੱਕ ਯੂਟਿਊਬ ਚੈਨਲ ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ਰਾਹੀਂ ਹੀ ਪਹੁੰਚਾਇਆ ਕਰੇਗੀ। ਕੁੱਝ ਮਹੀਨਿਆਂ ਤੱਕ ਸ਼੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਵੀ ਬਣਾ ਲਵੇਗੀ। 


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਟੀਵੀ ਲਈ ਹਾਲ ਦੀ ਘੜੀ ਪੀਟੀਸੀ ਨੂੰ ਹੀ ਅਧਿਕਾਰ ਦਿੱਤੇ ਹਨ।