Amritsar News: ਜ਼ੀਰੋ ਬਿੱਲ ਨੇ ਪੰਜਾਬੀਆਂ ਨੂੰ ਬਿਜਲੀ ਚੋਰ ਬਣਾ ਦਿੱਤਾ ਹੈ। ਬਿਜਲੀ ਦਾ ਬਿੱਲ 600 ਯੂਨਿਟਾਂ ਤੱਕ ਰੱਖਣ ਲਈ ਪੰਜਾਬੀਆਂ ਵਿੱਚ ਕੁੰਢੀ ਦਾ ਰੁਝਾਨ ਵਧਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਬਿਜਲੀ ਚੋਰੀ ਹੁਣ ਸਾਲਾਨਾ 1500 ਕਰੋੜ ਤੱਕ ਪਹੁੰਚ ਗਈ ਹੈ ਜੋ ਛੇ ਵਰ੍ਹੇ ਪਹਿਲਾਂ 1200 ਕਰੋੜ ਸਾਲਾਨਾ ਸੀ। ਇਹ ਵੀ ਅਹਿਮ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਬਿਜਲੀ ਚੋਰੀ ਖਿਲਾਫ ਖਾਸ ਮੁਹਿੰਮ ਚਲਾਈ ਗਈ ਸੀ। ਇਸ ਦੇ ਬਾਵਜੂਦ ਬਿਜਲੀ ਚੋਰੀ ਘਟਣ ਦੀ ਬਜਾਏ ਵਧੀ ਹੈ।


ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਮਹੀਨਿਆਂ ਦੀਆਂ 600 ਯੂਨਿਟਾਂ ਤੱਕ ਬਿਜਲੀ ਬਿੱਲ ਮੁਆਫ ਕੀਤਾ ਹੋਇਆ ਹੈ। ਜੇਕਰ 600 ਤੋਂ ਇੱਕ ਵੀ ਯੂਨਿਟ ਵਧ ਜਾਂਦੀ ਹੈ ਤਾਂ ਪੂਰਾ ਬਿਜਲੀ ਬਿੱਲ ਭਰਨਾ ਪੈਂਦਾ ਹੈ। ਇਸ ਲਈ ਲੋਕ ਬਿਜਲੀ ਬਿੱਲ 600 ਯੂਨਿਟਾਂ ਦੇ ਅੰਦਰ ਰੱਖਣ ਲਈ ਕੁੰਢੀ ਲਾਉਣ ਲੱਗੇ ਹਨ। ਇਹ ਕੁੰਢੀ ਕਲਚਰ ਪਹਿਲਾਂ ਪਿੰਡਾਂ ਵਿੱਚ ਸੀ ਪਰ ਹੁਣ ਕਸਬਿਆਂ ਤੇ ਸ਼ਹਿਰਾਂ ਵਿੱਚ ਵੀ ਵਧਣ ਲੱਗਾ ਹੈ।


 



ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 12 ਮਈ 2022 ਨੂੰ ‘ਕੁੰਡੀ ਹਟਾਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਸੀ ਤੇ ਬਿਜਲੀ ਚੋਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਥੋੜ੍ਹੇ ਸਮੇਂ ਮਗਰੋਂ ਹੀ ਇਹ ਮੁਹਿੰਮ ਮੱਠੀ ਪੈ ਗਈ ਸੀ। ਸੂਤਰਾਂ ਮੁਤਾਬਕ ਸਰਹੱਦੀ ਜ਼ਿਲ੍ਹਿਆਂ ਵਿੱਚ ਬਿਜਲੀ ਚੋਰੀ ਹਾਲੇ ਜਾਰੀ ਹੈ। ਪੰਜ ਵਰ੍ਹੇ ਪਹਿਲਾਂ (2018-19) ਦੇ ਮੁਕਾਬਲੇ ਹੁਣ ਦੇ ਵਪਾਰਕ ਘਾਟੇ (2022-23) ਦੇਖੀਏ ਤਾਂ ਉਸ ਤੋਂ ਬਿਜਲੀ ਚੋਰੀ ’ਚ ਵਾਧੇ ਦੀ ਪੁਸ਼ਟੀ ਹੁੰਦੀ ਹੈ।


ਪਾਵਰਕੌਮ ਦੇ ਸੂਤਰਾਂ ਮੁਤਾਬਕ ਪੰਜ ਵਰ੍ਹੇ ਪਹਿਲਾਂ ਭਿੱਖੀਵਿੰਡ ਸਰਕਲ ਵਿੱਚ ਬਿਜਲੀ ਚੋਰੀ 72.76 ਫ਼ੀਸਦੀ ਸੀ ਜੋ ਹੁਣ ਵਧ ਕੇ 73.16 ਫ਼ੀਸਦੀ ਹੋ ਗਈ ਹੈ। ਪੱਟੀ ਹਲਕੇ ਵਿੱਚ ਪੰਜ ਸਾਲ ਪਹਿਲਾਂ ਵਪਾਰਕ ਘਾਟੇ 63.63 ਫ਼ੀਸਦੀ ਸਨ, ਉਹ ਵਧ ਕੇ 63.90 ਫ਼ੀਸਦੀ ਹੋ ਗਏ ਹਨ। ਅੰਮ੍ਰਿਤਸਰ ਪੱਛਮੀ ਵਿੱਚ ਪੰਜ ਸਾਲ ਪਹਿਲਾਂ 50.63 ਫ਼ੀਸਦੀ ਘਾਟੇ ਸਨ, ਜੋ ਹੁਣ ਵਧ ਕੇ 57.93 ਫ਼ੀਸਦੀ ਹੋ ਗਏ ਹਨ। 


ਜ਼ੀਰਾ ਹਲਕੇ ਵਿਚ 47.68 ਫ਼ੀਸਦੀ ਤੋਂ ਵੰਡ ਘਾਟੇ ਵਧ ਕੇ 54.84 ਫ਼ੀਸਦੀ ਹੋ ਗਏ ਹਨ। ਬਾਦਲ ਡਿਵੀਜ਼ਨ ਵਿੱਚ ਵੰਡ ਘਾਟੇ ਜੋ ਪੰਜ ਸਾਲ ਪਹਿਲਾਂ 27.61 ਫ਼ੀਸਦੀ ਸਨ, ਉਹ ਹੁਣ 36.09 ਫ਼ੀਸਦੀ ਹੋ ਗਏ ਹਨ। ਗਿੱਦੜਬਾਹਾ ਡਿਵੀਜ਼ਨ ਵਿਚ ਹੁਣ ਬਿਜਲੀ ਘਾਟਾ 30.83 ਫ਼ੀਸਦੀ ਹੈ ਜੋ ਪੰਜ ਸਾਲ ਪਹਿਲਾਂ 21.59 ਫ਼ੀਸਦੀ ਸਨ। ਇਹੋ ਹਾਲ ਬਾਕੀ ਦਰਜਨਾਂ ਹਲਕਿਆਂ ਦਾ ਹੈ।


ਹੋਰ ਪੜ੍ਹੋ : ਡੋਨਾਲਡ ਟਰੰਪ ਨੇ ਭਾਰਤ ਨੂੰ ਦਿੱਤੀ ਵੱਡੀ ਧਮਕੀ, ਕਿਹਾ- ਜੇਕਰ ਮੈਂ ਰਾਸ਼ਟਰਪਤੀ ਬਣਿਆ ਤਾਂ...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।