Chandigarh News: ਨਿਊ ਏਅਰਪੋਰਟ ਰੋਡ ਲਈ ਘੱਟ ਰੇਟ 'ਤੇ ਜ਼ਮੀਨ ਐਕੁਆਇਰ ਕਰਨ ਖਿਲਾਫ਼ ਲੋਕ ਡਟ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੱਦੀ ਪੁਸ਼ਤੀ ਜ਼ਮੀਨਾਂ ਕੌਡੀਆਂ ਦੇ ਭਾਅ ਐਕੁਆਇਰ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਤੋਂ ਏਅਰਪੋਰਟ ਤੱਕ ਸੜਕ ਨੂੰ ਛੋਟਾ ਕਰਨ ਲਈ 40 ਕਿਲੇ ਦੇ ਕਰੀਬ ਜ਼ਮੀਨ ਐਕੁਆਇਰ ਕਰਨ ਦਾ ਫ਼ੈਸਲਾ ਕੀਤਾ ਹੈ।
ਦਰਅਸਲ ਚੰਡੀਗੜ੍ਹ ਵਿੱਚ ਯੂਟੀ ਪ੍ਰਸ਼ਾਸਨ ਵੱਲੋਂ ਬਣਾਈ ਜਾਣ ਵਾਲੀ ਨਿਊ ਏਅਰਪੋਰਟ ਰੋਡ ਖ਼ਿਲਾਫ਼ ਚੰਡੀਗੜ੍ਹ ਦੇ ਜੱਦੀ ਪੁਸ਼ਤੀ ਲੋਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਜ਼ਮੀਨ ਐਕੁਆਇਰ ਅਧਿਕਾਰੀ ਸੌਰਭ ਅਰੋੜਾ ਨਾਲ ਮੁਲਾਕਾਤ ਕੀਤੀ। ਪਿੰਡ ਬੜ੍ਹੈਲ ਤੇ ਪਿੰਡ ਚਾਰ-ਤਰਫਾ ਬੁੜ੍ਹੈਲ ਦੇ ਵੱਡੀ ਗਿਣਤੀ ਲੋਕਾਂ ਨੇ ਯੂਟੀ ਪ੍ਰਸ਼ਾਸਨ ਵੱਲੋਂ ਜ਼ਮੀਨ ਐਕੁਆਇਰ ਕਰਨ ਲਈ ਵਰਤੀ ਜਾ ਰਹੀ ਨੈਗੋਸੈਸ਼ਨ ਨੀਤੀ ਖ਼ਿਲਾਫ਼ ਇਤਰਾਜ਼ ਦਰਜ ਕਰਵਾਏ। ਇਸ ਮੌਕੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ, ਕੌਂਸਲਰ ਤੇ ਕਿਸਾਨ ਆਗੂ ਸਤਿੰਦਰ ਸਿੰਘ ਸਿੱਧੂ ਵੀ ਮੌਜੂਦ ਰਹੇ।
ਇਸ ਮੌਕੇ ਕੌਂਸਲਰ ਤੇ ਕਿਸਾਨ ਆਗੂ ਸਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੱਦੀ ਪੁਸ਼ਤੀ ਲੋਕਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਐਕੁਆਇਰ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਲੈਂਡ ਪੂਲਿੰਗ ਨੀਤੀ ਲਾਗੂ ਕੀਤੀ ਜਾਣੀ ਚਾਹੀਦੀ ਹੈ ਤੇ ਸਾਰੀਆਂ ਜ਼ਮੀਨਾਂ ਦੇ ਭਾਅ ਸ਼ਹਿਰੀ ਤਰਜ਼ ’ਤੇ ਦਿੱਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਪੰਚਾਇਤਾਂ ਭੰਗ ਕਰਨ ਤੋਂ ਬਾਅਦ ਪਿੰਡਾਂ ਨੂੰ ਨਗਰ ਨਿਗਮ ਅਧੀਨ ਲਿਆਂਦਾ ਗਿਆ ਸੀ। ਇਸ ਲਈ ਕਿਸਾਨਾਂ ਨੂੰ ਮੁਆਵਜ਼ਾ ਵੀ ਨਗਰ ਨਿਗਮ ਅਧੀਨ ਸ਼ਹਿਰੀ ਖੇਤਰ ਦੇ ਬਰਾਬਰ ਹੀ ਦਿੱਤਾ ਜਾਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਦੇ ਜੱਦੀ-ਪੁਸ਼ਤੀ ਲੋਕਾਂ ਨੂੰ ਅਕਸਰ ਇਸ ਉਜਾੜੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਹੁਣ ਲੋਕਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੈਂਡ ਪੂਲਿੰਗ ਨੀਤੀ ਲਿਆਉਣ ਨਾਲ ਸਾਰਿਆਂ ਨੂੰ ਫ਼ਾਇਦਾ ਹੋਵੇਗਾ।
ਇਸ ਨਾਲ ਲੋਕਾਂ ਨੂੰ ਢੁੱਕਵਾਂ ਮੁੱਲ ਵੀ ਮਿਲ ਸਕੇਗਾ ਤੇ ਸ਼ਹਿਰ ਦਾ ਵੀ ਵਿਕਾਸ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜੇ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਜੱਦੀ-ਪੁਸ਼ਤੀ ਲੋਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੋਹਨ ਸਿੰਘ ਰਾਣਾ, ਸੰਦੀਪ ਧੀਮਾਨ, ਸੰਜੀਵ ਸਣੇ ਮਹਿਲਾ ਕਿਸਾਨ ਆਗੂ ਵੀ ਮੌਜੂਦ ਰਹੇ।