Auto Driver Protest: ਚੰਡੀਗੜ੍ਹ ਦੇ 25 ਸੈਕਟਰ ਦੇ ਰੈਲੀ ਗਰਾਉਂਡ ਵਿੱਚ ਬੈਠੇ ਆਟੋ ਚਾਲਕਾਂ ਦਾ ਮਰਨ ਵਰਤ ਪੰਜਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਇੱਥੋਂ ਲਾਸ਼ਾ ਹੀ ਉੱਠਣਗੀਆਂ।
ਇਸ ਮਾਮਲੇ ਬਾਬਤ ਕਾਂਗਰਸ ਦੇ ਲੀਡਰ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਮੇਰੀ ਭਗਵੰਤ ਮਾਨ ਅਤੇ ਚੰਡੀਗੜ ਪ੍ਰਸ਼ਾਸਨ ਤੋਂ ਮੰਗ ਹੈ ਕਿ ਪਿਛਲੇ 5 ਦਿਨਾਂ ਤੋਂ ਰੈਲੀ ਗਰਾਊਂਡ ਸੈਕਟਰ 25 ਵਿੱਚ ਮਰਨ ਵਰਤ ਤੇ ਬੈਠੇ ਕੈਬ ਆਟੋ ਚਾਲਕਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ। ਇਨ੍ਹਾਂ ਗਰੀਬ ਡਰਾਈਵਰਾਂ ਨੂੰ ਹੜਤਾਲ ਕਰਨ ਦਾ ਸ਼ੌਂਕ ਨਹੀਂ ਹੈ। ਉਹ ਤਾਂ ਰੋਜ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਮਰਨ ਵਰਤ ਦੋਰਾਨ ਜੇ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਹੋ ਗਿਆ ਤਾਂ ਕੋਣ ਜ਼ਿੰਮੇਵਾਰ ਹੋਵੇਗਾ?
ਜ਼ਿਕਰ ਕਰ ਦਈਏ ਕਿ ਇਸ ਮੌਕੇ ਪ੍ਰਦਰਨਸ਼ਕਾਰੀਆਂ ਨੇ ਕਿਹਾ ਕਿ ਉਹ 25 ਰੁਪਏ ਕਿਲੋਮੀਟਰ ਤੋਂ ਘੱਟ ਕੰਮ ਨਹੀਂ ਕਰਨਗੇ ਕਿਉਂਕਿ 10 ਰੁਪਏ ਪ੍ਰਤੀ ਕਿਲੋਮੀਟਰ ਉਨ੍ਹਾਂ ਦਾ ਖ਼ਰਚਾ ਆ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਐਪ ਚਲਦੀਆਂ ਹਨ ਉਨ੍ਹਾਂ ਵਿੱਚ ਪ੍ਰਾਈਵੇਟ ਗੱਡੀਆ ਚਲਦੀਆਂ ਹਨ ਫਿਰ ਉਨ੍ਹਾਂ ਤੋਂ ਟੈਕਸ ਕਿਉਂ ਭਰਵਾਇਆ ਜਾਂਦਾ ਹੈ, ਕਾਨੂੰਨ ਸਾਰਿਆਂ ਲਈ ਇੱਕ ਹੋਣੇ ਚਾਹੀਦੇ ਹਨ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਰੱਖਦਿਆਂ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ ਬੰਦ ਕੀਤਾ ਜਾਵੇ ਜਾਂ ਫਿਰ ਇਨ੍ਹਾਂ ਨੂੰ ਕਾਨੂੰਨ ਦੇ ਅਧੀਨ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਬਾਈਕ ਟੈਕਸੀ ਨੂੰ ਬੰਦ ਕੀਤਾ ਜਾਵੇ ਤੇ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਹੜਤਾਲ ਨੂੰ ਪੰਜਵਾਂ ਦਿਨ ਹੋ ਗਿਆ ਹੈ ਜੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਾਰ ਨਾ ਲਈ ਤਾਂ ਉਹ ਧਰਨਾ ਖ਼ਤਨ ਨਹੀਂ ਕਰਨਗੇ ਤੇ ਉਨ੍ਹਾਂ ਦਾ ਸਮਰਥਣ ਕਰਨ ਲਈ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇ ਨਹੀਂ ਤਾਂ ਇਸ ਦਾ ਖ਼ਾਮਿਆਜ਼ਾ ਭੁਗਤਣਾ ਪਵੇਗਾ।