Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਇਲੈਕਟ੍ਰਿਕ ਪਾਲਸੀ ਦੇ ਵਿਰੋਧ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ 27 ਨਵੰਬਰ ਗੁਰਪੁਰਬ ਤੱਕ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ। ਜਦੋਂ ਕਿ ਸ਼ਹਿਰ ਦੇ ਆਟੋ ਮੋਬਾਈਲ ਡੀਲਰਜ਼ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤਾ ਕੇਸ ਵਾਪਸ ਲਿਆ ਜਾਵੇਗਾ। ਇਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਇਲੈਕਟ੍ਰਿਕ ਵਹੀਕਲ ਪਾਲਸੀ ’ਤੇ ਮੁੜ ਵਿਚਾਰ ਕਰੇਗਾ। ਇਸ ਗੱਲ ਦੀ ਪੁਸ਼ਟੀ ਗ੍ਰਹਿ ਸਕੱਤਰ ਨਿਤਿਲ ਯਾਦਵ ਨੇ ਕੀਤੀ ਹੈ।


ਯੂਟੀ ਦੇ ਗ੍ਰਹਿ ਸਕੱਤਰ ਨਿਤਿਲ ਯਾਦਵ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ ਇਲੈਕਟ੍ਰਿਕ ਵਹੀਕਲ ਪਾਲਸੀ ’ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਇਸੇ ਕਰਕੇ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ 27 ਨਵੰਬਰ ਨੂੰ ਗੁਰਪੁਰਬ ਤੱਕ ਰਜਿਸਟਰੇਸ਼ਨ ’ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ। 


ਇਸ ਤੋਂ ਪਹਿਲਾਂ ਪੰਜਾਬ ਰਾਜ ਭਵਨ ’ਚ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਤਿ ਨਾਲ ਆਟੋ ਮੋਬਾਈਲ ਡੀਲਰਜ਼ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਇਲੈਕਟ੍ਰਿਕ ਵਹੀਕਲ ਪਾਲਸੀ ’ਤੇ ਮੁੜ ਵਿਚਾਰ ਕਰਨ ਦਾ ਫੈਸਲਾ ਲਿਆ ਹੈ। ਇਸੇ ਦੌਰਾਨ ਵਪਾਰੀਆਂ ਨੇ ਹਾਈ ਕੋਰਟ ਵਿੱਚ ਦਾਇਰ ਕੇਸ ਵਾਪਸ ਲੈਣ ’ਤੇ ਸਹਿਮਤੀ ਪ੍ਰਗਟਾਈ ਹੈ।


ਯੂਟੀ ਪ੍ਰਸ਼ਾਸਨ ਨੇ ਪਹਿਲੀ ਸਤੰਬਰ ਮਹੀਨੇ ਦੇ ਆਖਰ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਵਪਾਰੀਆਂ ਦੇ ਵਿਰੋਧ ਦੇ ਚਲਦਿਆਂ 18 ਅਕਤੂਬਰ ਨੂੰ 1600 ਵਾਹਨਾਂ ਨੂੰ ਰਜਿਸਟ੍ਰੇਸ਼ਨ ਕਰਨ ਦੀ ਛੋਟ ਦੇ ਦਿੱਤੀ ਹੈ। ਉਹ ਵੀ 29 ਅਕਤੂਬਰ ਨੂੰ ਪੂਰੀ ਹੋਣ ’ਤੇ ਮੁੜ ਰਜਿਸਟ੍ਰੇਸ਼ਨ ਬੰਦ ਹੋ ਗਈ। ਇਸ ਤੋਂ ਬਾਅਦ ਚੰਡੀਗੜ੍ਹ ਦੇ ਆਟੋ ਮੋਬਾਈਲ ਡੀਲਰਜ਼ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ। 


ਹਾਸਲ ਜਾਣਕਾਰੀ ਅਨੁਸਾਰ ਸ਼ਹਿਰ ’ਚ 10 ਆਟੋ-ਮੋਬਾਈਲ ਡੀਲਰ ਹਨ, ਜੋ ਹਰ ਸਾਲ 20 ਹਜ਼ਾਰ ਪੈਟਰੋਲ ਵਾਲੇ ਦੋ ਪਹੀਆ ਵਾਹਨ ਵੇਚਦੇ ਸਨ। ਇਸ ਤਰ੍ਹਾਂ ਉਹ ਹਰ ਮਹੀਨੇ 1600 ਵਾਹਨ ਵੇਚਦੇ ਹਨ ਪਰ ਤਿਉਹਾਰਾਂ ਦੇ ਸੀਜ਼ਨ ਦੌਰਾਨ 4 ਹਜ਼ਾਰ ਦੇ ਕਰੀਬ ਪੈਟਰੋਲ ਵਾਲੇ ਦੋ ਪਹੀਆ ਵਾਹਨ ਵੇਚਦੇ ਹਨ। ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਨੇ 20 ਸਤੰਬਰ 2022 ਨੂੰ ਸ਼ਹਿਰ ਵਿੱਚ ਇਲੈਕਟ੍ਰਿਕ ਵਹੀਕਲ ਪਾਲਸੀ-2022 ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਦੌਰਾਨ ਪਾਲਸੀ ਤਹਤਿ 31 ਮਾਰਚ 2024 ਤੱਕ 12076 ਗੈਰ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਦਾ ਟੀਚਾ ਮਿੱਖਿਆ ਗਿਆ ਸੀ। 


ਇਹ ਟੀਚਾ ਸਤੰਬਰ ਮਹੀਨੇ ਵਿੱਚ ਹੀ ਪੂਰਾ ਹੋ ਗਿਆ ਸੀ, ਜਿਸ ਕਰਕੇ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਗੈਰ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਰੋਕ ਲਾ ਦਿੱਤੀ ਸੀ ਪਰ ਹੁਣ 31 ਮਾਰਚ 2024 ਤੱਕ 1600 ਹੋਰ ਗੈਰ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਦੀ ਛੋਟ ਦੇ ਦਿੱਤੀ ਸੀ। ਇਸ ਤੋਂ ਬਾਅਦ 29 ਅਕਤੂਬਰ 2023 ਤੱਕ ਸ਼ਹਿਰ ਵਿੱਚ 13685 ਵਾਹਨ ਰਜਿਸਟਰ ਹੋ ਚੁੱਕੇ ਹਨ।