Chandigarh News: ਵਿਆਹ ਕਰਾਉਣ ਲਈ ਮੈਟਰੀਮੋਨੀਅਲ ਸਾਈਟਾਂ ਰਾਹੀਂ ਜੀਵਨ ਸਾਥੀ ਜਾਂ ਸਾਥਣ ਲੱਭਣ ਵੇਲੇ ਸਾਵਧਾਨ ਹੋਣ ਦੀ ਲੋੜ ਹੈ। ਇਸ ਵੇਲੇ ਮੈਟਰੀਮੋਨੀਅਲ ਸਾਈਟਾਂ ਵੀ ਲੁੱਟ ਦਾ ਗੁਜਾੜ ਬਣ ਗਈਆਂ ਹਨ। ਇਹ ਖਿਲਾਸਾ ਚੰਡੀਗੜ੍ਹ ਪੁਲਿਸ ਨੇ ਕੀਤਾ ਹੈ। ਸਾਈਬਰ ਸੈੱਲ ਦੀ ਟੀਮ ਨੇ ਸਾਈਬਰ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਦਿੱਲੀ ਤੇ ਗ੍ਰੇਟਰ ਨੋਇਡਾ ਤੋਂ 4 ਨਾਈਜ਼ੇਰੀਅਨ ਸਣੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਉਬਾਸੀਨਾਚੀ ਕੈਲੀ ਅਨਾਗੋ (39), ਜੋਸ਼ਵਾ (27), ਪ੍ਰਿੰਸ (35), ਕਰੀਸਟੇਨ ਐਂਥਨੀ (34) ਵਾਸੀਆਨ ਨਾਈਜ਼ੀਰੀਆ, ਪਾਸਕਲ (28) ਵਾਸੀ ਗੁਨੀਆ ਹਾਲ ਨਿਵਾਸੀ ਉੱਤਰੀ ਦਿੱਲੀ ਤੇ ਸ਼ਾਲਿਨੀ ਵਾਸੀ ਉੱਤਰ ਦਿੱਲੀ ਵਜੋਂ ਹੋਈ। ਐਸਪੀ ਸਿਟੀ ਕੇਤਨ ਬਾਂਸਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ 25 ਮੋਬਾਈਲ ਫੋਨ, ਦੋ ਲੈਪਟਾਪ, ਤਿੰਨ ਮੋਡਮ ਤੇ ਇਕ ਲੈਂਡਲਾਈਨ ਫੋਨ ਬਰਾਮਦ ਕੀਤਾ ਹੈ।
ਦਰਅਸਲ ਚੰਡੀਗੜ੍ਹ ਪੁਲਿਸ ਨੇ ਇਹ ਕਾਰਵਾਈ ਇੱਕ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਜਾਣ ਪਛਾਣ ਕ੍ਰਿਸਚਨ ਮੈਟਰੀਮੋਨੀਅਲ ਸਾਈਟ ਰਾਹੀਂ ਕਰੀਸਟੇਨ ਐਂਥਨੀ ਨਾਲ ਹੋ ਗਈ। ਇਸ ਤੋਂ ਬਾਅਦ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਤੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ।
ਉਸ ਨੇ ਦੱਸਿਆ ਕਿ ਮੁਲਜ਼ਮ ਨੇ ਜਨਵਰੀ 2023 ਵਿੱਚ ਕਿਹਾ ਕਿ ਉਹ ਮੁੰਬਈ ਏਅਰਪੋਰਟ ’ਤੇ ਉਤਰ ਗਿਆ ਹੈ, ਜਿਸ ਕੋਲ 2.80 ਲੱਖ ਯੂਰੋ ਦਾ ਡਿਮਾਂਡ ਡਰਾਫਟ ਹੈ। ਉਸ ਨੇ ਕਿਹਾ ਕਿ ਏਅਰਪੋਰਟ ਅਥਾਰਟੀ ਨੇ ਉਸ ਨੂੰ ਵੱਡੀ ਰਕਮ ਦਾ ਡਿਮਾਂਡ ਡਰਾਫਟ ਲਿਆਉਣ ਕਰਕੇ ਰੋਕ ਲਿਆ ਹੈ, ਜਿਸ ਨੂੰ ਛੁਡਵਾਉਣ ਲਈ ਕਰੰਸੀ ਬਦਲਣ ਬਦਲੇ ਟੈਕਸ ਅਦਾ ਕਰਨਾ ਪਵੇਗਾ।
ਇਸ ਤਰ੍ਹਾਂ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ 47 ਲੱਖ ਰੁਪਏ ਠੱਗ ਲਏ। ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਦੀ ਟੀਮ ਨੇ ਉਕਤ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਜਾਂਚ ਸ਼ੁਰੂ ਕੀਤੀ ਤਾਂ ਮੁਲਜ਼ਮਾਂ ਨੂੰ ਦਿੱਲੀ ਤੇ ਨੋਇਡਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐਸਪੀ ਸਿਟੀ ਕੇਤਨ ਬਾਂਸਲ ਨੇ ਦੱਸਿਆ ਕਿ ਮੁਲਜ਼ਮਾਂ ਮੈਟਰੀਮੋਨੀਅਲ ਸਾਈਟਾਂ ’ਤੇ ਆਪਣੇ ਫਰਜ਼ੀ ਅਕਾਊਂਟ ਤਿਆਰ ਕਰ ਕੇ ਖੁਦ ਨੂੰ ਡਾਕਟਰ ਦੱਸਦਿਆਂ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗਦੇ ਸਨ।
ਉਨ੍ਹਾਂ ਕਿਹਾ ਕਿ ਮੁਲਜ਼ਮ ਪਹਿਲਾਂ-ਪਹਿਲਾਂ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲੈਂਦੇ ਸਨ, ਉਸ ਤੋਂ ਬਾਅਦ ਭਾਰਤ ਆਉਂਦੇ ਹੋਏ ਮਹਿੰਗੇ ਗਿਫ਼ਟ ਲਿਆਉਣ ਦਾ ਹਵਾਲਾ ਦਿੰਦੇ ਸਨ। ਇਸ ਤੋਂ ਬਾਅਦ ਮੁਲਜ਼ਮ ਲੋਕਾਂ ਨੂੰ ਕਹਿੰਦੇ ਸੀ ਕਿ ਕਸਟਮ ਨੇ ਮਹਿੰਗੇ ਗਿਫ਼ਟ ਲਿਆਉਣ ਕਰਕੇ ਏਅਰਪੋਰਟ ’ਤੇ ਰੋਕ ਲਿਆ ਹੈ ਜਿਨ੍ਹਾਂ ਨੂੰ ਛੱਡਣ ਲਈ ਭਾਰਤੀ ਕਰੰਸੀ ਦੀ ਲੋੜ ਹੈ।