ਚੰਡੀਗੜ੍ਹ: 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਕਮਲਨਾਥ ਨੂੰ ਬੇਕਸੂਰ ਐਲਾਨਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਆੜੇ ਹੱਥੀਂ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰਾਜਾ ਵੜਿੰਗ ਦੀ ਜਮੀਰ ਬਿਲਕੁਲ ਮਰ ਚੁੱਕੀ ਹੈ ਜੋ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਦੇ ਕਾਤਲਾਂ ਨੂੰ ਕਲੀਨ ਚਿੱਟ ਦੇ ਰਿਹਾ ਹੈ।ਉਹਨਾਂ ਅੱਗੇ ਕਿਹਾ ਕਿ 1984 ਨੂੰ ਸਿੱਖਾਂ ਤੇ ਹਮਲਾ ਕਰਨ ਵਾਲੀ ਕਾਤਲਾਂ ਦੀ ਭੀੜ ਦੀ ਅਗਵਾਈ ਖੁਦ ਕਮਲਨਾਥ ਕਰ ਰਿਹਾ ਸੀ ।
ਜਿਸ ਦੇ ਕਈ ਚਸ਼ਮਦੀਦ ਗਵਾਹ ਵੀ ਮੌਜੂਦ ਹਨ। ਉਹਨਾਂ ਕਿਹਾ ਕਿ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਰਾਜਾ ਵੜਿੰਗ ਨੇ ਬਜਰ ਗੁਨਾਹ ਕੀਤਾ ਹੈ ਜਿਸ ਲਈ ਉਹਨਾਂ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਢੀਂਡਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਆਪਣਾ ਗੁਨਾਹ ਕਬੂਲਣ ਦੇ ਬਜਾਏ ਕਾਤਲਾਂ ਦੀ ਪੁਸ਼ਤਪਨਾਹੀ ਕਰਦੀ ਆਈ ਹੈ ਅਤੇ ਰਾਜਾ ਵੜਿੰਗ ਨੇ ਸਿੱਖਾਂ ਦੇ ਕਾਤਲ ਕਮਲਨਾਥ ਦਾ ਬਚਾਅ ਕਰਕੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਆਪਣੇ ਚਹੇਤੇ ਕਮਲਨਾਥ ਅਤੇ ਹੋਰਨਾਂ ਨੂੰ ਕਦੇ ਵੀ ਸਿੱਖ ਨਸਲਕੁਸ਼ੀ ਦਾ ਜ਼ਿੰਮੇਵਾਰ ਨਹੀਂ ਮੰਨੇਗੀ।
ਉਲਟਾ ਸਿੱਖਾਂ ਦੇ ਜਖ਼ਮਾ ਤੇ ਲੂਣ ਛਿੜਕਣ ਲਈ ਉਹਨਾਂ ਨੂੰ ਸੰਵਿਧਾਨਿਕ ਅਤੇ ਸਿਆਸੀ ਅਹੁਦਿਆਂ ਦਾ ਤੋਹਫ਼ਾ ਦਿੰਦੀ ਰਹੇਗੀ।ਉਹਨਾਂ ਅੱਗੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਈਂ ਦਹਾਕਿਆਂ ਦੀ ਉਡੀਕ ਤੋਂ ਬਾਅਦ ਵੀ ਸਿੱਖ ਕੌਮ ਨੂੰ ਅਜੇ ਤੱਕ ਨਿਆਂ ਨਹੀ ਮਿਲਿਆ ਹੈ ਅਤੇ ਦੂਜੇ ਪਾਸੇ ਸਿੱਖਾਂ ਦੇ ਕਾਤਲ ਖੁਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਮੋਦੀ ਸਰਕਾਰ ਨੇ ਸਿੱਖ ਨਸਲਕੁਸ਼ੀ ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ ਕੀਤਾ ਹੈ ਪਰ ਅਜੇ ਵੀ ਇਸ ਵਿਚ ਬਹੁਤ ਕੁਝ ਕਰਨ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ 1984 ਵਿਚ ਦਿੱਲੀ ਵਿਚ 10 ਹਜ਼ਾਰ ਤੋਂ ਵਧ ਸਿੱਖਾਂ ਦਾ ਕਤਲ ਹੋਇਆ। ਢੀਂਡਸਾ ਨੇ ਸਵਾਲ ਕੀਤਾ ਕਿ ਜੇ ਸਿੱਖਾਂ ਦੇ ਕਤਲ ਦੇ ਦੋਸ਼ੀ ਇਹ ਨਹੀਂ ਹਨ ਤਾਂ ਦੱਸਿਆ ਜਾਵੇ ਕਿ ਕਾਤਲ ਹੋਰ ਕੋਣ ਹਨ? ਢੀਂਡਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ 14 ਰਾਜਾਂ ਵਿਚ ਸਿੱਖਾਂ ਦੇ ਗਲੇ ਵਿਚ ਟਾਈਰ ਪਾ-ਪਾਕੇ ਸਾੜਿਆ ਗਿਆ ਅਤੇ ਧੀਆਂ-ਭੈਣਾਂ ਉੱਤੇ ਤਸ਼ਦੱਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਅੱਖਾਂ ਸਾਹਮਣੇ ਆਪਣੇ ਪਰਿਵਾਰ ਸੜਦੇ ਵੇਖੇ ਹੋਣ ਉਹ ਅਜਿਹੇ ਕਾਤਲਾਂ ਨੂੰ ਆਜ਼ਾਦ ਘੁੰਮਦਿਆਂ ਕਿਵੇਂ ਦੇਖ ਸਕਦੇ ਹਨ? ਕਾਂਗਰਸ ਪਾਰਟੀ ਸ਼ੁਰੂ ਤੋਂ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੇ ਬਜਾਏ ਉਨ੍ਹਾਂ ਨੂੰ ਬਚਾਉਂਦੀ ਆਈ ਹੈ। ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀ ਕਰੇਗੀ।