Chandigarh CTU Buses UPI Payment : ਚੰਡੀਗੜ੍ਹ ਵਿੱਚ ਜਨਤਕ ਆਵਾਜਾਈ ਨੂੰ ਡਿਜ਼ਿਟਲ ਬਣਾਉਣ ਵੱਲ ਪ੍ਰਸ਼ਾਸਨ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਟਿਕਟ ਲਈ ਨਕਦ ਜਾਂ ਖੁੱਲ੍ਹੇ ਪੈਸਿਆਂ ਦੀ ਲੋੜ ਨਹੀਂ ਪਵੇਗੀ। ਯਾਤਰੀ ਆਪਣੇ ਮੋਬਾਈਲ ਨਾਲ QR ਕੋਡ ਸਕੈਨ ਕਰਕੇ UPI ਰਾਹੀਂ ਟਿਕਟ ਦਾ ਭੁਗਤਾਨ ਕਰ ਸਕਣਗੇ।
ਇਹ ਸਹੂਲਤ ਟ੍ਰਾਈਸਿਟੀ ਰੂਟਾਂ 'ਤੇ ਚੱਲ ਰਹੀਆਂ CTU ਦੀਆਂ 438 ਬੱਸਾਂ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵੇਲੇ ਕੁਝ ਚੁਣਿੰਦੇ ਰੂਟਾਂ 'ਤੇ ਇਸ ਦਾ ਟ੍ਰਾਇਲ ਚੱਲ ਰਿਹਾ ਹੈ। ਤਕਨੀਕੀ ਖਾਮੀਆਂ ਦੂਰ ਹੋਣ ਤੋਂ ਬਾਅਦ ਇਹ ਸਹੂਲਤ ਸਾਰੀਆਂ ਬੱਸਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ।
ਜਾਣੋ CTU ਬੱਸਾਂ ਵਿੱਚ ਮੋਬਾਈਲ ਰਾਹੀਂ ਟਿਕਟ ਕਿਵੇਂ ਮਿਲੇਗੀ
ਡੀਜ਼ਲ ਅਤੇ ਇਲੈਕਟ੍ਰਿਕ ਦੋਵਾਂ ਬੱਸਾਂ ਵਿੱਚ ਸਹੂਲਤ
UPI ਭੁਗਤਾਨ ਦੀ ਸਹੂਲਤ ਸਿਰਫ਼ ਡੀਜ਼ਲ ਬੱਸਾਂ ਤੱਕ ਸੀਮਿਤ ਨਹੀਂ ਰਹੇਗੀ। ਟ੍ਰਾਇਲ ਪੂਰਾ ਹੋਣ ਤੋਂ ਬਾਅਦ ਸ਼ਹਿਰ ਵਿੱਚ ਚੱਲਣ ਵਾਲੀਆਂ ਇਲੈਕਟ੍ਰਿਕ ਬੱਸਾਂ ਵਿੱਚ ਵੀ ਯਾਤਰੀ QR ਕੋਡ ਸਕੈਨ ਕਰਕੇ UPI ਐਪ ਰਾਹੀਂ ਸਿੱਧਾ ਭੁਗਤਾਨ ਕਰ ਸਕਣਗੇ। ਇਸ ਨਾਲ ਟਿਕਟ ਖਰੀਦਣ ਦੀ ਪ੍ਰਕਿਰਿਆ ਹੋਰ ਵੀ ਆਸਾਨ, ਤੇਜ਼ ਅਤੇ ਸੁਵਿਧਾਜਨਕ ਹੋਵੇਗੀ।
ਇਨ੍ਹਾਂ ਰੂਟਾਂ ਦੇ ਯਾਤਰੀਆਂ ਨੂੰ ਮਿਲੇਗਾ ਫਾਇਦਾ
CTU ਦੀਆਂ ਬੱਸਾਂ ਚੰਡੀਗੜ੍ਹ ਤੋਂ ਇਲਾਵਾ ਮੋਹਾਲੀ, ਪੰਚਕੂਲਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਚੱਲਦੀਆਂ ਹਨ। ਸੈਕਟਰ-17 ਅਤੇ ਸੈਕਟਰ-43 ISBT ਤੋਂ ਚੱਲਣ ਵਾਲੀਆਂ ਬੱਸਾਂ PGI, ਪੰਜਾਬ ਯੂਨੀਵਰਸਿਟੀ, ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਨੂੰ ਜੋੜਦੀਆਂ ਹਨ। ਇਸ ਤੋਂ ਇਲਾਵਾ ਮੋਹਾਲੀ, ਖਰੜ, ਜ਼ੀਰਕਪੁਰ, ਪੰਚਕੂਲਾ, ਮਨਸਾ ਦੇਵੀ, ਚੰਡੀਮੰਦਰ, ਮਲੋਆ, ਧਨਾਸ, ਮੌਲੀਜਾਗਰਾਂ, ਮਨੀਮਾਜਰਾ ਅਤੇ ਕੁਰਾਲੀ ਜਾਣ ਵਾਲੇ ਯਾਤਰੀ ਵੀ ਇਸ ਡਿਜ਼ਿਟਲ ਭੁਗਤਾਨ ਸਹੂਲਤ ਦਾ ਲਾਭ ਲੈ ਸਕਣਗੇ।
ਖੁੱਲ੍ਹੇ ਪੈਸਿਆਂ ਦੀ ਸਮੱਸਿਆ ਹੋਵੇਗੀ ਖਤਮ
ਬੱਸਾਂ ਵਿੱਚ 5, 10 ਜਾਂ 15 ਰੁਪਏ ਦੀ ਟਿਕਟ ਲਈ ਅਕਸਰ ਯਾਤਰੀਆਂ ਅਤੇ ਕੰਡਕਟਰਾਂ ਨੂੰ ਖੁੱਲ੍ਹੇ ਪੈਸਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਛੁੱਟੇ ਨਾ ਹੋਣ ਕਾਰਨ ਟਿਕਟ ਜਾਰੀ ਕਰਨ ਵਿੱਚ ਦੇਰੀ ਵੀ ਹੋ ਜਾਂਦੀ ਹੈ। QR ਕੋਡ ਰਾਹੀਂ ਭੁਗਤਾਨ ਸ਼ੁਰੂ ਹੋਣ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਖਤਮ ਹੋ ਜਾਵੇਗੀ ਅਤੇ ਯਾਤਰੀ ਸਿੱਧਾ ਮੋਬਾਈਲ ਰਾਹੀਂ ਨਿਰਧਾਰਤ ਕਿਰਾਇਆ ਅਦਾ ਕਰ ਸਕਣਗੇ।
ਸਮਾਂ ਵੀ ਬਚੇਗਾ
ਨਕਦ ਲੈਣ ਅਤੇ ਬਾਕੀ ਪੈਸੇ ਵਾਪਸ ਕਰਨ ਵਿੱਚ ਲੱਗਣ ਵਾਲਾ ਸਮਾਂ ਵੀ ਬਚੇਗਾ। ਇਸ ਨਾਲ ਟਿਕਟ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਬੱਸਾਂ ਨੂੰ ਸਟਾਪਾਂ 'ਤੇ ਵੱਧ ਸਮਾਂ ਨਹੀਂ ਰੁਕਣਾ ਪਵੇਗਾ। ਨਾਲ ਹੀ ਯਾਤਰੀਆਂ ਨੂੰ ਵੱਧ ਨਕਦੀ ਰੱਖਣ ਦੀ ਲੋੜ ਵੀ ਨਹੀਂ ਰਹੇਗੀ।
ਕੈਸ਼ ਅਤੇ ਸਮਾਰਟ ਕਾਰਡ ਦਾ ਵਿਕਲਪ ਵੀ ਰਹੇਗਾ
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ UPI ਭੁਗਤਾਨ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਵੀ ਕੈਸ਼ ਅਤੇ ਸਮਾਰਟ ਕਾਰਡ ਰਾਹੀਂ ਟਿਕਟ ਖਰੀਦਣ ਦੀ ਸਹੂਲਤ ਜਾਰੀ ਰਹੇਗੀ। ਜੋ ਯਾਤਰੀ ਡਿਜ਼ਿਟਲ ਭੁਗਤਾਨ ਨਹੀਂ ਕਰ ਸਕਦੇ, ਉਹ ਪਹਿਲਾਂ ਵਾਂਗ ਨਕਦ ਦੇ ਕੇ ਟਿਕਟ ਲੈ ਸਕਣਗੇ।
ਪ੍ਰਸ਼ਾਸਨ ਦਾ ਉਦੇਸ਼ ਹੌਲੀ-ਹੌਲੀ ਵੱਧ ਤੋਂ ਵੱਧ ਯਾਤਰੀਆਂ ਨੂੰ ਡਿਜ਼ਿਟਲ ਭੁਗਤਾਨ ਨਾਲ ਜੋੜਨਾ ਹੈ। CTU ਬੱਸਾਂ ਵਿੱਚ QR ਕੋਡ ਰਾਹੀਂ ਟਿਕਟ ਭੁਗਤਾਨ ਦੀ ਇਹ ਸਹੂਲਤ ਚੰਡੀਗੜ੍ਹ ਦੀ ਜਨਤਕ ਆਵਾਜਾਈ ਨੂੰ ਡਿਜ਼ਿਟਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
