Chandigarh News: ਚੰਡੀਗੜ੍ਹ ਪਹਾੜੀ ਖੇਤਰਾਂ ਸ਼ਿਮਲਾ ਤੇ ਸ੍ਰੀਨਗਰ ਤੋਂ ਵੀ ਠੰਢਾ ਹੋ ਗਿਆ ਹੈ। ਐਤਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 14.8 ਡਿਗਰੀ ਤੇ ਸ੍ਰੀਨਗਰ ਦਾ 12.3 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਮੁਤਾਬਕ ਠੰਢੀਆਂ ਹਵਾਵਾਂ ਕਾਰਨ ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਤੇ ਅਗਲੇ ਦੋ ਦਿਨਾਂ ਤੱਕ ਤਾਪਮਾਨ 'ਚ ਵਾਧੇ ਦਾ ਕੋਈ ਅਸਰ ਨਹੀਂ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਸੀਤ ਲਹਿਰ ਦੇ ਮੱਦੇਨਜ਼ਰ ਟਰਾਈਸਿਟੀ ਵਿੱਚ ਅੱਜ ਵੀ ਧੁੰਦ ਛਾਈ ਹੋਈ ਹੈ। ਲੋਕ ਘਰਾਂ ਵਿੱਚ ਹੀ ਰਹਿਣ ਨੂੰ ਹੀ ਤਰਜੀਹ ਦੇ ਰਹੇ ਹਨ। ਸ਼ਹਿਰ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇੱਥੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਦਰਜ ਕੀਤਾ ਗਿਆ ਜਦਕਿ ਸ਼ਨੀਵਾਰ ਨੂੰ ਤਾਪਮਾਨ 16.2 ਡਿਗਰੀ ਸੈਲਸੀਅਸ ਸੀ। ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 6.5 ਡਿਗਰੀ ਸੀ ਜੋ ਸ਼ਨੀਵਾਰ ਨੂੰ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫਤੇ ਬਾਅਦ ਦਿਨ ਤੇ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਤੇ ਮੰਗਲਵਾਰ ਨੂੰ ਧੁੰਦ ਪਵੇਗੀ ਤੇ ਬੱਦਲਵਾਈ ਰਹੇਗੀ। ਚੰਡੀਗੜ੍ਹ ਵਿੱਚ ਜਨਵਰੀ ਮਹੀਨਾ ਮੀਂਹ ਨਹੀਂ ਪਿਆ ਜਦਕਿ ਪਹਿਲਾਂ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਸੀ ਪਰ ਮੀਂਹ ਨਾ ਪੈਣ ਕਾਰਨ ਸੁੱਕੀ ਠੰਢ ਪੈ ਰਹੀ ਹੈ।
ਉਧਰ, ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਐਤਵਾਰ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੱਤ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉੱਥੇ ਹੀ 10 ਉਡਾਣਾਂ ਲਈ ਦੇਰੀ ਹੋਈ। ਰੱਦ ਕੀਤੀਆਂ ਉਡਾਣਾਂ ਵਿੱਚ ਚੰਡੀਗੜ੍ਹ-ਮੁੰਬਈ, ਚੰਡੀਗੜ੍ਹ-ਪੁਣੇ, ਚੰਡੀਗੜ੍ਹ-ਦਿੱਲੀ, ਚੰਡੀਗੜ੍ਹ-ਜੈਪੁਰ, ਚੰਡੀਗੜ੍ਹ-ਅਹਿਮਦਾਬਾਦ, ਚੰਡੀਗੜ੍ਹ-ਬੈਂਗਲੁਰੂ ਸ਼ਾਮਲ ਹਨ। ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਤਿੰਨ ਫਲਾਈਟਾਂ ਆਪਣੇ ਤੈਅ ਸਮੇਂ ਤੋਂ ਲਗਪਗ 2 ਤੋਂ 3 ਘੰਟੇ ਦੇਰੀ ਨਾਲ ਰਵਾਨਾ ਹੋਈਆਂ। ਜਦੋਂਕਿ ਸੱਤ ਉਡਾਣਾਂ 20 ਤੋਂ 35 ਮੀਟਰ ਦੀ ਦੇਰੀ ਨਾਲ ਚੱਲੀਆਂ।
ਇਹ ਵੀ ਪੜ੍ਹੋ : Petrol Diesel Prices: ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ, ਦੇਸ਼ ਦੇ ਕਈ ਸੂਬਿਆਂ ਵਿੱਚ ਬਦਲੇ ਪੈਟਰੋਲ-ਡੀਜ਼ਲ ਦੇ ਭਾਅ