Chandigarh Mayor Election Update: ਚੰਡੀਗੜ੍ਹ ਨੂੰ ਅੱਜ ਨਵਾ ਮੇਅਰ ਮਿਲਣ ਵਾਲਾ ਹੈ। ਮੇਅਰ ਦੀ ਚੋਣ ਸਵੇਰੇ 11 ਵਜੇ ਸ਼ੁਰੂ ਹੋਣ ਜਾ ਰਹੀ ਹੈ। ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਸ਼ਹਿਰ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਹੈ ਤਾਂ ਜੋ ਬਾਹਰ ਕੋਈ ਹੰਗਾਮਾ ਨਾ ਹੋ ਸਕੇ। ਮੇਅਰ ਦੀ ਚੋਣ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। 


ਇਹ ਚੰਡੀਗੜ੍ਹ ਮੇਅਰ ਦੀ ਚੋਣ, ਲੋਕ ਸਭਾ ਚੋਣਾਂ ਲਈ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਮੇਅਰ ਦੀ ਚੋਣ ਲਈ I.N.D.I.A. ਦਾ ਪਹਿਲਾ ਗਠਜੋੜ ਹੋਇਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮੇਅਰ ਚੋਣ ਲਈ ਗਠਜੋੜ ਕੀਤਾ ਹੈ।


ਅਜਿਹੇ ਵਿੱਚ ਹੁਣ ਲੜਾਈ ਦੋ ਤਿੰਨ ਦੀ ਬਜਾਏ ਦੋ ਤਰਫ਼ਾ ਹੋ ਗਈ ਹੈ। I.N.D.I.A. ਗਠਜੋੜ ਯਾਨੀ ਆਪ ਅਤੇ ਕਾਂਗਰਸ ਦੇ ਸਾਂਝੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਦੀ ਟੱਕਰ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਵਿਚਾਲੇ ਹੋਣ ਜਾ ਰਹੀ ਹੈ। 


ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਕੌਂਸਲਰ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੈਵੀ ਅਤੇ ਭਾਜਪਾ ਉਮੀਦਵਾਰ ਕੁਲਜੀਤ ਸਿੰਘ ਸੰਧੂ ਵਿਚਕਾਰ ਮੁਕਾਬਲਾ ਹੈ। ਇਸ ਤੋਂ ਇਲਾਵਾ ਡਿਪਟੀ ਮੇਅਰ ਲਈ ਗਠਜੋੜ ਦੀ ਉਮੀਦਵਾਰ ਕਾਂਗਰਸ ਕੌਂਸਲਰ ਨਿਰਮਲਾ ਦੇਵੀ ਅਤੇ ਭਾਜਪਾ ਦੇ ਉਮੀਦਵਾਰ ਰਜਿੰਦਰ ਸ਼ਰਮਾ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ।


ਹੰਗਾਮੇ ਦੇ ਮੱਦੇਨਜ਼ਰ, ਚੰਡੀਗੜ੍ਹ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ 600 ਤੋਂ ਵੱਧ ਸਿਪਾਹੀ ਫੀਲਡ ਵਿੱਚ ਤਾਇਨਾਤ ਕਰ ਦਿੱਤੇ ਹਨ। ਨਗਰ ਨਿਗਮ ਦਫ਼ਤਰ ਦੇ ਦੋਵੇਂ ਗੇਟਾਂ ਦੇ ਕਰੀਬ 200 ਮੀਟਰ ਦੇ ਖੇਤਰ ਨੂੰ ਤਿੰਨ-ਪੱਧਰੀ ਸੁਰੱਖਿਆ ਹੇਠ ਰੱਖਿਆ ਗਿਆ ਹੈ।


ਪਹਿਲੀ ਵਾਰ ਮੇਅਰ ਚੋਣਾਂ ਲਈ ਇੰਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਉਂਕਿ ਹੁਣ ਤੱਕ ਇੱਥੇ ਭਾਜਪਾ ਦੀ ਸੱਤਾ ਸੀ ਪਰ ਇਸ ਵਾਰ ਕਾਂਗਰਸ ਅਤੇ 'ਆਪ' ਦੇ ਗਠਜੋੜ ਤੋਂ ਬਾਅਦ ਭਾਜਪਾ ਦੀ ਸੱਤਾ ਖੁੱਸਣ ਦਾ ਖਤਰਾ ਹੈ।


ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਟੀਟਾ ਵੱਲੋਂ ਨਿਰਪੱਖ ਚੋਣਾਂ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।


ਇਸ ਵਿੱਚ ਉਨ੍ਹਾਂ ਅਦਾਲਤ ਦੀ ਤਰਫੋਂ ਨਿਗਰਾਨ ਨਿਯੁਕਤ ਕਰਨ ਦੀ ਮੰਗ ਕੀਤੀ ਸੀ। ਪਰ ਨਗਰ ਨਿਗਮ ਨੇ ਅਦਾਲਤ ਵਿੱਚ ਜਵਾਬ ਦਿੱਤਾ ਕਿ ਸਾਰੀ ਚੋਣ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ।


ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਵਿੱਚ ਅਬਜ਼ਰਵਰ ਨਿਯੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਨਗਰ ਨਿਗਮ ਨੂੰ ਹੁਕਮ ਦਿੱਤਾ ਕਿ ਸਾਰੀ ਚੋਣ ਪ੍ਰਕਿਰਿਆ ਦੌਰਾਨ ਵੀਡੀਓਗ੍ਰਾਫੀ ਕਰਵਾਈ ਜਾਵੇ। ਇਸ ਵੀਡੀਓਗ੍ਰਾਫੀ ਵਿੱਚ ਕੋਈ ਕਟੌਤੀ ਨਹੀਂ ਹੋਣੀ ਚਾਹੀਦੀ।