Chandigarh News: ਚੰਡੀਗੜ੍ਹ ਵਾਲਿਆਂ ਲਈ ਰਾਹਤ ਦੀ ਖਬਰ ਹੈ। ਹੁਣ ਸ਼ਹਿਰ ਵਿੱਚ ਪੈਟਰੋਲ ਨਾਲ ਚੱਲਣ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਨਹੀਂ ਹੋਵੇਗੀ। ਇਹ ਫ਼ੈਸਲਾ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ‘ਇਲੈਕਟ੍ਰਿਕ ਵਹੀਕਲ ਪਾਲਿਸੀ-2022’ ਦੀ ਸਮੀਖਿਆ ਮੀਟਿੰਗ ਦੌਰਾਨ ਲਿਆ ਗਿਆ ਹੈ। ਹਾਲਾਂਕਿ, ਪਾਲਿਸੀ ਵਿੱਚ ਸੋਧ ਨੂੰ ਪ੍ਰਵਾਨਗੀ ਦਿਵਾਉਣ ਲਈ ਯੂਟੀ ਦੇ ਪ੍ਰਸ਼ਾਸਕ ਕੋਲ ਭੇਜਿਆ ਜਾਵੇਗਾ। ਪ੍ਰਸ਼ਾਸਕ ਦੀ ਪ੍ਰਵਾਨਗੀ ਤੋਂ ਬਾਅਦ ਹੀ ‘ਇਲੈਕਟ੍ਰਿਕ ਵਹੀਕਲ ਪਾਲਿਸੀ-2022’ ਵਿੱਚ ਸੋਧ ਹੋਵੇਗੀ।



ਇਸ ਪਾਲਿਸੀ ਅਨੁਸਾਰ ਵੀ ਸ਼ਹਿਰ ਨੂੰ ਸਾਲ 2027 ਤੱਕ ‘ਮਾਡਲ ਈਵੀ ਸਿਟੀ’ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਾਲ 2023 ਵਿੱਚ ਸ਼ਹਿਰ ਵਿੱਚ 65 ਫ਼ੀਸਦ ਪੈਟਰੋਲ ਵਾਲੇ ਦੋ-ਪਹੀਆ ਵਾਹਨ ਰਜਿਸਟਰ ਕੀਤੇ ਜਾਣਗੇ, ਜੋ ਪਹਿਲਾਂ ਸਿਰਫ਼ 30 ਫ਼ੀਸਦ ਰਜਿਸਟਰ ਕੀਤੇ ਜਾਣੇ ਸਨ। ਇਸੇ ਤਰ੍ਹਾਂ ਇਲੈਕਟ੍ਰਿਕ ਦੋ-ਪਹੀਆ ਵਾਹਨ 35 ਫ਼ੀਸਦ ਰਜਿਸਟਰ ਕੀਤੇ ਜਾਣਗੇ। ਉਹ ਪਹਿਲਾਂ 70 ਫ਼ੀਸਦ ਰਜਿਸਟਰ ਕੀਤੇ ਜਾਣੇ ਸਨ। ਸਾਲ 2024 ਦੌਰਾਨ 70 ਫ਼ੀਸਦ ਇਲੈਕਟ੍ਰਿਕ ਦੋ-ਪਹੀਆ ਵਾਹਨ ਰਜਿਸਟਰ ਕਰਨ ਦਾ ਟੀਚਾ ਮਿਥਿਆ ਗਿਆ ਸੀ, ਜਿਸ ਨੂੰ ਘਟਾ ਕੇ 25 ਫ਼ੀਸਦ ਕਰ ਦਿੱਤਾ ਹੈ।



ਹੁਣ ਸਾਲ 2024 ਵਿੱਚ 75 ਫ਼ੀਸਦ ਪੈਟਰੋਲ ਵਾਲੇ ਵਾਹਨ ਰਜਿਸਟਰ ਕੀਤੇ ਜਾ ਸਕਣਗੇ। ਇਸੇ ਤਰ੍ਹਾਂ ਸਾਲ 2025 ਵਿੱਚ 50 ਫ਼ੀਸਦ ਇਲੈਕਟ੍ਰਿਕ ਤੇ 50 ਫ਼ੀਸਦ ਪੈਟਰੋਲ ਵਾਲੇ ਦੋ-ਪਹੀਆ ਵਾਹਨ ਰਜਿਸਟਰ ਹੋਣਗੇ। ਸਾਲ 2026 ਵਿੱਚ 70 ਫ਼ੀਸਦ ਇਲੈਕਟ੍ਰਿਕ ਤੇ 30 ਫ਼ੀਸਦ ਪੈਟਰੋਲ ਵਾਲੇ ਦੋ-ਪਹੀਆ ਵਾਹਨ ਰਜਿਸਟਰ ਹੋਣਗੇ ਅਤੇ ਸਾਲ 2027 ਵਿੱਚ 100 ਫ਼ੀਸਦ ਇਲੈਕਟ੍ਰਿਕ ਦੋ-ਪਹੀਆ ਵਾਹਨ ਹੀ ਰਜਿਸਟਰ ਹੋਣਗੇ। ਹਾਲਾਂਕਿ, ਸ਼ਹਿਰ ਵਿੱਚ ਤਿੰਨ ਪਹੀਆ ਵਾਹਨ ਸਾਰੇ ਹੀ ਈ-ਰਿਕਸ਼ਾ ਰਜਿਸਟਰ ਕੀਤੇ ਜਾਣਗੇ।



ਇਲੈਕਟ੍ਰਿਕ ਵਹੀਕਲ ਪਾਲਿਸੀ ਵਿੱਚ ਸੋਧ ਅਨੁਸਾਰ ਸ਼ਹਿਰ ਵਿੱਚ ਨਿੱਜੀ ਇਲੈਕਟ੍ਰਿਕ ਕਾਰਾਂ ਦੀ ਮਿੱਥੇ ਟੀਚੇ ਨਾਲੋਂ ਵੱਧ ਰਜਿਸਟਰੇਸ਼ਨ ਹੋਣ ਕਰਕੇ ਸਾਲ 2024 ਵਿੱਚ ਇਲੈਕਟ੍ਰਿਕ ਕਾਰਾਂ ਦਾ ਟੀਚਾ ਵਧਾ ਦਿੱਤਾ ਗਿਆ ਹੈ। ਹੁਣ 20 ਦੀ ਥਾਂ 25 ਫ਼ੀਸਦ ਇਲੈਕਟ੍ਰਿਕ ਕਾਰਾਂ ਦੀ ਰਜਿਸਟਰੇਸ਼ਨ ਹੋਵੇਗੀ। ਇਸੇ ਤਰ੍ਹਾਂ ਹਰ ਸਾਲ ਪੰਜ ਫ਼ੀਸਦ ਵਧਾਉਂਦੇ ਹੋਏ ਸਾਲ 2027 ਤੱਕ 55 ਫ਼ੀਸਦ ਇਲੈਕਟ੍ਰਿਕ ਕਾਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਈ-ਬੱਸਾਂ ਦੀ ਰਜਿਸਟਰੇਸ਼ਨ ’ਚ ਵੀ ਮਾਮੂਲੀ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ 53 ਚਾਰਜਿੰਗ ਸਟੇਸ਼ਨਾਂ ’ਤੇ 418 ਚਾਰਜਿੰਗ ਪੁਆਇੰਟ ਜਲਦੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ।



ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਤੈਅ ਕੀਤੇ ਅੰਕੜੇ ਨਾਲੋਂ ਵੱਧ ਹੋਣ ਕਰਕੇ ਬੰਦ ਕਰ ਦਿੱਤੀ ਗਈ ਸੀ। ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਹੋਣ ਦਾ ਸ਼ਹਿਰ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਮੇਅਰ ਅਨੂਪ ਗੁਪਤਾ ਨੇ ਵੀ ਲੋਕਾਂ ਦੀ ਹਮਾਇਤ ਵਿੱਚ ਆਉਂਦੇ ਹੋਏ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਪਾਬੰਦੀ ਲਾਉਣ ਦਾ ਵਿਰੋਧ ਕੀਤਾ ਸੀ। ਉਸੇ ਕਰਕੇ ਯੂਟੀ ਪ੍ਰਸ਼ਾਸਨ ਨੇ ‘ਇਲੈਕਟ੍ਰਿਕ ਵਹੀਕਲ ਪਾਲਿਸੀ-2022’ ਦੀ ਸਮੀਖਿਆ ਕੀਤੀ ਤੇ ਕੁਝ ਬਦਲਾਅ ਲਈ ਯੂਟੀ ਦੇ ਪ੍ਰਸ਼ਾਸਕ ਨੂੰ ਭੇਜਿਆ ਗਿਆ ਹੈ।