Chandigarh News: ਚੰਡੀਗੜ੍ਹ ਤੇ ਆਮਪਾਸ ਦੇ ਇਲਾਕਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਕੁਦਰਤ ਦਾ ਕਹਿਰ ਵਰ੍ਹ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਸ਼ਹਿਰਾਂ ਦੀਆਂ ਗਲੀਆਂ ਵਿੱਚ ਕਾਰਾਂ ਦੀ ਥਾਂ ਕਿਸ਼ਤੀਆਂ ਚੱਲ ਰਹੀਆਂ ਹਨ। ਜ਼ੀਰਕਪੁਰ ਤੇ ਡੇਰਾਬੱਸੀ ਵਿੱਚ ਕਈ ਕਲੋਨੀਆਂ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਹੈ। ਕਾਰਾਂ ਪਾਣੀ ਵਿੱਚ ਤੈਰਦੀਆਂ ਦਿਖਾਈ ਦਿੱਤੀਆਂ।
ਡੇਰਾਬੱਸੀ ਇਲਾਕੇ ਦਾ ਬੁਰਾ ਹਾਲ
ਇਸ ਖੇਤਰ ਵਿੱਚ ਲਗਾਤਾਰ ਪੈ ਰਹੇ ਭਰਵੇਂ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਹਾੜਾਂ ਤੋਂ ਜ਼ਿਆਦਾ ਪਾਣੀ ਆਉਣ ਨਾਲ ਖੇਤਰ ਵਿੱਚੋਂ ਲੰਘ ਰਿਹਾ ਘੱਗਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪੁੱਜ ਗਿਆ ਹੈ। ਮੁਬਾਰਕਪੁਰ ਨੇੜੇ ਘੱਗਰ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਕਾਜ਼ਵੇਅ ਪਾਣੀ ਵਿੱਚ ਡੁੱਬ ਗਿਆ। ਇਸੇ ਤਰ੍ਹਾਂ ਹੋਰਨਾਂ ਨਦੀ, ਨਾਲੇ ਤੇ ਬਰਸਾਤੀ ਚੋਅ ਵੀ ਪੂਰੇ ਉਫਾਨ ’ਤੇ ਪੁੱਜ ਗਏ। ਘੱਗਰ ਨਾਲ ਲੱਗਦੇ ਦਰਜਨਾਂ ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ।
ਮੀਂਹ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਹੈਬਤਪੁਰ ਸੜਕ ’ਤੇ ਸਥਿਤ ਗੁਲਮੋਹਰ ਸਿਟੀ ਐਕਸਟੈਨਸ਼ਨ ਸੁਸਾਇਟੀ ਵਿੱਚ ਬਣੀ। ਸੁਸਾਇਟੀ ਦੀ ਪਿਛਲੀ ਕੰਧ ਟੁੱਟੀ ਹੋਣ ਕਾਰਨ ਖੇਤਾਂ ਤੇ ਬਰਸਾਤੀ ਚੋਅ ਦਾ ਪਾਣੀ ਸੁਸਾਇਟੀ ਅੰਦਰ ਆ ਗਿਆ। ਇਹ ਸੁਸਾਇਟੀ ਕਾਫੀ ਨੀਵੀਂ ਹੋਣ ਕਾਰਨ ਇਸ ਵਿੱਚ 7 ਤੋਂ 8 ਫੁੱਟ ਤੱਕ ਪਾਣੀ ਭਰ ਗਿਆ ਜਿਸ ਕਾਰਨ ਸੈਂਕੜੇ ਕਾਰਾਂ ਤੇ ਦੋ ਪਹੀਆ ਵਾਹਨ ਪਾਣੀ ਵਿੱਚ ਡੁੱਬ ਗਏ। ਪਾਣੀ ਵਿੱਚ ਡੁੱਬੇ ਮੋਟਰਸਾਈਕਲ ਨੂੰ ਕੱਢਦਿਆਂ ਇੱਕ ਨੌਜਵਾਨ ਪਾਣੀ ਵਿੱਚ ਫਸ ਗਿਆ ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ।
ਸੁਸਾਇਟੀ ਦੀ ਬੇਸਮੈਂਟ ਤੇ ਗਰਾਊਂਡ ਫਲੌਰ ’ਤੇ ਬਣਾਈ ਪਾਰਕਿੰਗ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲੋਕ ਆਪਣੇ ਫਲੈਟਾਂ ਵਿੱਚ ਫਸ ਕੇ ਰਹਿ ਗਏ। ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨ ਨੇ ਐਨਡੀਆਰਐਫ ਦੀ ਟੀਮ ਨੂੰ ਸੱਦਿਆ ਜਿਨ੍ਹਾਂ ਵੱਲੋਂ ਕਿਸ਼ਤੀ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਲੋੜੀਂਦਾ ਸਾਮਾਨ ਲੋਕਾਂ ਤੱਕ ਪਹੁੰਚਾਇਆ।