Chandigarh News: ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ’ਤੇ ਬੱਸਾਂ ਦੇ ਟਾਈਮ ਟੇਬਲ ਨੂੰ ਲੈ ਕੇ ਪੰਜਾਬ ਰੋਡਵੇਜ਼ ਤੇ ਸੀਟੀਯੂ ਵਿਚਕਾਰ ਸ਼ੁਰੂ ਹੋਇਆ ਟਕਰਾਅ ਵਧਦਾ ਜਾ ਰਿਹਾ ਹੈ। ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਸ਼ਹਿਰ ਵਿੱਚ ਦਾਖ਼ਲ ਨਹੀਂ ਹੋ ਰਹੀਆਂ। ਮੰਗਲਵਾਰ ਨੂੰ ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਥਾਂ ਜ਼ੀਰਕਪੁਰ ਤੇ ਮੁਹਾਲੀ ਫੇਜ਼-6 ਵਿੱਚ ਸਥਿਤ ਬੱਸ ਅੱਡੇ ’ਚ ਵੀ ਸਵਾਰੀਆਂ ਉਤਾਰ ਕੇ ਵਾਪਸ ਚਲੀਆਂ ਗਈਆਂ। ਇਸ ਕਾਰਨ ਲੋਕਾਂ ਨੂੰ ਵੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।


ਪੀਆਰਟੀਸੀ, ਪਨਬਸ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਚੰਡੀਗੜ੍ਹ ਦੇ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਬੱਸਾਂ ਦੀ ਟਾਈਮਿੰਗ ਵਿੱਚ ਮਨਮਰਜ਼ੀ ਨਾਲ ਬਦਲਾਅ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਦੀਆਂ ਬੱਸਾਂ ਨੂੰ ਅੱਡੇ ’ਤੇ ਬਹੁਤ ਘੱਟ ਸਮਾਂ ਦਿੱਤਾ ਜਾ ਰਿਹਾ ਹੈ ਜਦੋਂਕਿ ਸੀਟੀਯੂ ਵੱਲੋਂ ਆਪਣੇ ਕੋਲ ਵਾਧੂ ਸਮਾਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2008 ਵਿੱਚ ਹੋਏ ਸਮਝੌਤੇ ਅਨੁਸਾਰ ਸੀਟੀਯੂ ਦੀਆਂ ਬੱਸਾਂ 27 ਹਜ਼ਾਰ ਕਿਲੋਮੀਟਰ ਸਫ਼ਰ ਕਰ ਸਕਦੀਆਂ ਹਨ, ਪਰ ਉਹ ਰੋਜ਼ਾਨਾ 45 ਹਜ਼ਾਰ ਕਿਲੋਮੀਟਰ ਸਫ਼ਰ ਕਰ ਰਹੀਆਂ ਹਨ।



ਯੂਨੀਅਨ ਆਗੂ ਨੇ ਕਿਹਾ ਕਿ ਸੀਟੀਯੂ ਵੱਲੋਂ ਚੰਡੀਗੜ੍ਹ ਦੇ ਬੱਸ ਅੱਡਾ ਸੈਕਟਰ-43 ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ 600 ਰੁਪਏ ਫੀਸ ਵਜੋਂ ਵਸੂਲੇ ਜਾ ਰਹੇ ਹਨ ਤੇ ਮੁਲਾਜ਼ਮਾਂ ਨੂੰ ਰਾਤ ਦੇ ਠਹਿਰਾਅ ਵਾਸਤੇ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੈਕਟਰ-43 ਬੱਸ ਅੱਡੇ ਦੀਆਂ ਦੁਕਾਨਾਂ ’ਤੇ ਵੀ ਸਾਮਾਨ ਕੀਮਤ ਨਾਲੋਂ ਮਹਿੰਗੇ ਭਾਅ ’ਤੇ ਵਿਕ ਰਿਹਾ ਹੈ। 


ਆਗੂ ਜਗਜੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਟਾਈਮ ਟੇਬਲ ਸਹੀ ਕਰਨ ਲਈ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੈਕਟਰ-43 ਤੇ 17 ਵਾਲੇ ਬੱਸ ਅੱਡੇ ’ਤੇ ਟਾਈਮ ਟੇਬਲ ਸਹੀ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣਗੀਆਂ। ਇਸ ਸਬੰਧੀ ਪੱਖ ਜਾਣਨ ਲਈ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।


ਉਧਰ, ਸੀਟੀਯੂ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕਿਸੇ ਵੀ ਬੱਸ ਨੂੰ ਦਾਖ਼ਲ ਹੋਣ ਤੋਂ ਨਹੀਂ ਰੋਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬੱਸ ਅੱਡੇ ’ਤੇ ਬੱਸਾਂ ਦਾ ਪੁਰਾਣਾ ਟਾਈਮ ਟੇਬਲ ਹੀ ਚੱਲ ਰਿਹਾ ਹੈ। ਨਵਾਂ ਟਾਈਮ ਟੇਬਲ ਚੋਣਾਂ ਤੋਂ ਬਾਅਦ ਹੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਗੱਲਬਾਤ ਤੋਂ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਗ਼ਲਤ ਹੈ।


ਪੀਆਰਟੀਸੀ, ਪਨਬਸ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਚੰਡੀਗੜ੍ਹ ਦੇ ਆਗੂਆਂ ਨੇ ਕਿਹਾ ਕਿ 24 ਅਪਰੈਲ ਨੂੰ ਦੁਪਹਿਰ 12 ਵਜੇ ਸੀਟੀਯੂ ਬੱਸਾਂ ਦਾ ਪੰਜਾਬ ਵਿੱਚ ਦਾਖ਼ਲਾ ਵੀ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਮਲੇ ਦਾ ਠੋਸ ਹੱਲ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਪੰਜਾਬ ਦੀ ਬੱਸ ਚੰਡੀਗੜ੍ਹ ਨਹੀਂ ਆਵੇਗੀ ਤੇ ਚੰਡੀਗੜ੍ਹ ਦੀ ਬੱਸ ਪੰਜਾਬ ਵਿੱਚ ਦਾਖ਼ਲ ਨਹੀਂ ਹੋਵੇਗੀ।