Chandigarh News: ਚੰਡੀਗੜ੍ਹ ਦੀ ਜਨਤਾ ਨੂੰ ਫਰੀ ਪਾਣੀ ਦੇਣ ਦੇ ਮੁੱਦੇ ਉਪਰ ਸਿਆਸੀ ਪਾਰਾ ਚੜ੍ਹ ਗਿਆ ਹੈ। ਆਮ ਆਦਮੀ ਪਾਰਟੀ ਤੇ ਬੀਜੇਪੀ ਇਸ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਵੀ ਇਸ ਜੰਗ ਵਿੱਚ ਕੁੱਦ ਪਏ ਹਨ। ਪੁਰੋਹਿਤ ਨੇ ਕਿਹਾ ਹੈ ਕਿ ਨਗਰ ਨਿਗਮ ਪਹਿਲਾਂ ਹੀ ਘਾਟੇ ਦਾ ਸਾਹਮਣੇ ਕਰ ਰਿਹਾ ਹੈ ਤਾਂ 20 ਹਜ਼ਾਰ ਲਿਟਰ ਮੁਫ਼ਤ ਪਾਣੀ ਕਿੱਥੋਂ ਦਿੱਤਾ ਜਾਵੇਗਾ। 



ਦੂਜੇ ਪਾਸੇ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਦਾਅਵਾ ਕਿਹਾ ਹੈ ਕਿ ਪਿਛਲੇ ਦਿਨੀਂ ਚੰਡੀਗੜ੍ਹ ਨਗਰ ਨਿਗਮ ਵਿੱਚ ਸ਼ਹਿਰ ਵਾਸੀਆਂ ਨੂੰ 20,000 ਲਿਟਰ ਮੁਫਤ ਪਾਣੀ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ ਪਰ ਬੀਜੇਪੀ ਵੱਲੋਂ ਜਾਣਬੁੱਝ ਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪਰੋਹਿਤ ਰਾਹੀਂ ਇਸ ਸਹੂਲਤ ਨੂੰ ਚੰਡੀਗੜ੍ਹ ਵਾਸੀਆਂ ਨੂੰ ਦੇਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਚੰਡੀਗੜ੍ਹ ਵਾਸੀਆਂ ਨੂੰ 20,000 ਲਿਟਰ ਮੁਫਤ ਪਾਣੀ ਦੀ ਸਹੂਲਤ ਦਿਵਾ ਕੇ ਰਹੇਗੀ।



ਦਰਅਸਲ ਸ਼ਹਿਰ ਵਿੱਚ ਲੋਕਾਂ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦੇ ਮੁੱਦੇ ’ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਲੰਘੇ ਦਿਨ ਮੇਅਰ ਨੇ ਸ਼ਹਿਰ ਵਾਸੀਆਂ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੀ ਸਹੂਲਤ ’ਤੇ ਪ੍ਰਸ਼ਾਸਕ ਦੇ ਕਥਿਤ ਨਕਾਰਾਤਮਕ ਰਵੱਈਏ ’ਤੇ ਸੁਆਲ ਉਠਾਏ ਸਨ, ਜਿਸ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੇਅਰ ਨੂੰ ਜਵਾਬ ਦਿੱਤਾ ਹੈ।


ਪੁਰੋਹਿਤ ਨੇ ਕਿਹਾ ਕਿ ਨਗਰ ਨਿਗਮ ਪਹਿਲਾਂ ਹੀ ਘਾਟੇ ਦਾ ਸਾਹਮਣੇ ਕਰ ਰਿਹਾ ਹੈ ਤਾਂ 20 ਹਜ਼ਾਰ ਲਿਟਰ ਮੁਫ਼ਤ ਪਾਣੀ ਕਿੱਥੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਸਾਲਾਨਾ ਆਮਦਨ 500 ਕਰੋੜ ਰੁਪਏ ਦੀ ਕਰੀਬ ਹੈ ਤੇ ਖਰਚਾ 1100 ਤੋਂ 1200 ਕਰੋੜ ਕਰੋੜ ਰੁਪਏ ਦਾ ਹੈ। ਇਸ ਤਰ੍ਹਾਂ ਨਿਗਮ ਪਹਿਲਾਂ ਵੀ 600 ਤੋਂ 700 ਕਰੋੜ ਰੁਪਏ ਸਾਲਾਨਾਂ ਘਾਟੇ ਵਿੱਚ ਚੱਲ ਰਿਹਾ ਹੈ। ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਬਿਨਾਂ ਕਿਸੇ ਵਿਉਂਤਬੰਦੀ ਤੋਂ ਮੁਫ਼ਤ ਪਾਣੀ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ ਹੈ।


ਪ੍ਰਸ਼ਾਸਕ ਨੇ ਕਿਹਾ ਕਿ ਨਗਰ ਨਿਗਮ ਦੇ ਜਨਰਲ ਹਾਊਸ ਵਿੱਚ 20 ਹਜ਼ਾਰ ਲਿਟਰ ਮੁਫ਼ਤ ਪਾਣੀ ਸਬੰਧੀ ਕਿਸੇ ਵਿਸਥਾਰਤ ਰਿਪੋਰਟ ਤੋਂ ਬਿਨਾਂ ਹੀ ਇਕ ਲਾਈਨ ਦਾ ਏਜੰਡਾ ਲਿਆਂਦਾ ਗਿਆ, ਜਿਸ ਨੂੰ ਪਾਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 20 ਹਜ਼ਾਰ ਲਿਟਰ ਪਾਣੀ ’ਤੇ ਕਿੰਨਾ ਖਰਚ ਹੋਵੇਗਾ ਤੇ ਉਸ ਦੀ ਭਰਪਈ ਕਿੱਥੋਂ ਕੀਤੀ ਜਾਵੇਗੀ, ਉਸ ਬਾਰੇ ਕੁਝ ਵਿਚਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਬਿਨਾਂ ਕਿਸੇ ਵਿੱਤੀ ਵਿਉਂਤਬੰਦੀ ਦੇ ਮੁਫ਼ਤ ਪਾਣੀ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਉਹ ਲੋਕਾਂ ਦੇ ਸੇਵਕ ਹਨ, ਲੋਕਾਂ ਦੇ ਟੈਕਸ ਦੇ ਇੱਕ-ਇੱਕ ਰੁਪਏ ਦਾ ਹਿਸਾਬ ਰੱਖ ਰਹੇ ਹਨ। 


ਪੁਰੋਹਿਤ ਮੁਤਾਬਕ, ‘‘ਮੈਂ ਪ੍ਰਸ਼ਾਸਕ ਦੀ ਕੁਰਸੀ ’ਤੇ ਬੈਠ ਕੇ ਕੋਈ ਰਾਜਨੀਤੀ ਨਹੀਂ ਕਰ ਰਿਹਾ। ‘ਆਪ’ ਵੱਲੋਂ 20 ਹਜ਼ਾਰ ਲਿਟਰ ਤੇ ਭਾਜਪਾ ਦਾ 40 ਹਜ਼ਾਰ ਲਿਟਰ ਮੁਫ਼ਤ ਪਾਣੀ ਦੀ ਮੰਗ ਕਰਨਾ ਗਲਤ ਹੈ। ਇਸ ਨਾਲ ਨਗਰ ਨਿਗਮ ’ਤੇ ਹੋਰ ਵਿੱਤੀ ਬੋਝ ਵਧੇਗਾ। ਮੈਂ ਸਾਧੂ ਨਹੀਂ ਜੋ ਸਭ ਕੁਝ ਸਹਿੰਦਾ ਰਹਾਂ, ਸ਼ਹਿਰ ’ਚ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਉਹ ਰਾਜ ਭਵਨ ’ਚ ਖਾਣੇ ਤੋਂ ਲੈ ਕੇ ਹਰ ਚੀਜ਼ ਦੀ ਵਰਤੋਂ ਦੀ ਅਦਾਇਗੀ ਕਰਦੇ ਹਨ ਤੇ ਲੋਕਾਂ ਦੇ ਟੈਕਸ ਦੇ ਰੁਪਏ ਨੂੰ ਖਰਾਬ ਨਹੀਂ ਹੋਣ ਦੇਣਗੇ।