Senior Deputy Mayor Deputy Mayor: ਮੇਅਰ ਤੋਂ ਬਾਅਦ ਅੱਜ ਚੰਡੀਗੜ੍ਹ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲਣ ਵਾਲੇ ਹਨ। ਇਹਨਾਂ ਅਹੁਦਿਆਂ ਲਈ ਚੋਣ ਅੱਜ ਨਗਰ ਨਿਗਮ ਦਫ਼ਤਰ ਵਿੱਚ ਸਵੇਰੇ 10 ਵਜੇ ਸ਼ੁਰੂ ਹੋਣ ਜਾ ਰਹੀ ਹੈ। ਇਸ ਚੋਣਾਂ ਖਾਸ ਰਹਿਣ ਵਾਲੀਆਂ ਹਨ ਕਿਉਂਕਿ ਮੇਅਰ ਕੁਲਦੀਪ ਕੁਮਾਰ ਨੂੰ ਚੋਣ ਅਫ਼ਸਰ ਬਣਾਇਆ ਗਿਆ ਹੈ।



ਇਸ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੇ ਸਨ ਕਿ ਕੁਲਦੀਪ ਕੁਮਾਰ ਆਪਣਾ ਅਹੁਦਾ ਸੰਭਾਲੇ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਏ। ਇਸ ਦੇ ਲਈ ਨਵੇਂ ਸਿਰੇ ਤੋਂ ਨਾਮਜ਼ਦਗੀਆਂ ਭਰੀਆਂ ਗਈਆਂ ਸਨ।


ਨਾਮਜ਼ਦਗੀ ਕਾਗਜ਼ ਭਰਨ ਦੀ ਤਰੀਕ 28 ਫਰਵਰੀ ਅਤੇ 29 ਫਰਵਰੀ ਸੀ ਅਤੇ ਚੋਣਾਂ ਦੀ ਤਰੀਕ 4 ਮਾਰਚ ਨੂੰ ਤੈਅ ਹੋਈ ਸੀ।  ਮੌਜੂਦਾ ਸਮੇਂ ਦੇਖਿਆ ਜਾਵੇ ਤਾਂ  ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਦੇ ਦਲ-ਬਦਲੀ ਹੋਣ ਤੋਂ ਬਾਅਦ ਭਾਜਪਾ ਕੋਲ ਬਹੁਮਤ ਹੈ।


ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ I.N.D.I.A ਗਠਜੋੜ ਘੱਟ ਗਿਣਤੀ ਵਿੱਚ ਹੈ। ਅਜਿਹੇ 'ਚ ਚੰਡੀਗੜ੍ਹ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਚੋਣ 'ਤੇ ਨਜ਼ਰ ਰੱਖ ਰਹੀਆਂ ਹਨ।


ਚੰਡੀਗੜ੍ਹ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਵਿਰੋਧੀ ਧਿਰ ਦੀਆਂ 8 ਵੋਟਾਂ ਨੂੰ ਰੱਦ ਕਰਕੇ ਭਾਜਪਾ ਦੇ ਮਨੋਜ ਸੋਨਕਰ ਨੂੰ ਮੇਅਰ ਬਣਾਇਆ। ਇਸ ਤੋਂ ਬਾਅਦ ਮੇਅਰ ਨੇ ਦੋਵਾਂ ਅਹੁਦਿਆਂ ਲਈ ਚੋਣ ਕਰਵਾਈ। ਉਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਚੋਣ ਦਾ ਬਾਈਕਾਟ ਕੀਤਾ ਸੀ।



  ਮੇਅਰ ਚੋਣ ਵਿੱਚ 8 ਵੋਟਾਂ ਨੂੰ ਰੱਦ ਕਰਨ ਦਾ ਮਾਮਲਾ ਜਦੋਂ ਸੁਪਰੀਮ ਕੋਰਟ ਵਿੱਚ ਪਹੁੰਚਿਆ ਤਾਂ ਸੁਪਰੀਮ ਕੋਰਟ ਨੇ ਮੰਨਿਆ ਕਿ ਇਨ੍ਹਾਂ 8 ਵੋਟਾਂ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਗਲਤ ਤਰੀਕੇ ਨਾਲ ਜਾਇਜ਼ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਬਣਾ ਦਿੱਤਾ ਅਤੇ ਫੈਸਲਾ ਕੀਤਾ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵੀ ਦੁਬਾਰਾ ਕਰਵਾਈਆਂ ਜਾਣ। ਉਸ ਦੇ ਫੈਸਲੇ ਤੋਂ ਬਾਅਦ ਹੁਣ ਇਹ ਚੋਣ ਹੋਣੀ ਹੈ। ਇਸ ਵਿੱਚ ਗਠਜੋੜ ਦੇ ਮੇਅਰ ਕੁਲਦੀਪ ਕੁਮਾਰ ਇਸ ਦੇ ਰਿਟਰਨਿੰਗ ਅਧਿਕਾਰੀ ਹੋਣਗੇ।



ਮੇਅਰ ਚੋਣਾਂ ਤੋਂ ਪਹਿਲਾਂ ਗਠਜੋੜ ਕੋਲ 20 ਵੋਟਾਂ ਸਨ, ਜਦਕਿ ਭਾਜਪਾ ਕੋਲ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਸਮੇਤ 15 ਵੋਟਾਂ ਸਨ। ਭਾਜਪਾ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੋਟ ਮਿਲੀ। ਇਸ ਕਾਰਨ ਭਾਜਪਾ ਨੂੰ ਕੁੱਲ 16 ਵੋਟਾਂ ਮਿਲੀਆਂ। ਪਰ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ।


ਇਸ ਤੋਂ ਬਾਅਦ ਹੁਣ ਭਾਜਪਾ ਕੋਲ 17 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਸਮੇਤ ਕੁੱਲ 18 ਵੋਟਾਂ ਹਨ। ਜਦੋਂਕਿ ਗਠਜੋੜ ਕੋਲ ਆਮ ਆਦਮੀ ਪਾਰਟੀ ਦੇ 10 ਅਤੇ ਕਾਂਗਰਸ ਦੇ 7 ਕੌਂਸਲਰਾਂ ਸਮੇਤ 17 ਵੋਟਾਂ ਹਨ। ਜਦਕਿ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਹੈ। ਜੋ ਭਾਜਪਾ ਨੂੰ ਪਿਛਲੀ ਵਾਰ ਮਿਲੀ ਸੀ।