Chandigarh News: ਲਗਜ਼ਰੀ ਸ਼ਹਿਰ ਚੰਡੀਗੜ੍ਹ ਦੇ ਲੋਕ ਕਾਰਾਂ ਦੇ ਨਾਲ ਹੀ ਸਾਈਕਲ ਦੇ ਵੀ ਸ਼ੌਕੀਨ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਸਾਈਕਲ ਸ਼ੇਅਰਿੰਗ ਸਕੀਮ ਸਫਲ ਹੋਈ ਹੈ। ਚੰਡੀਗੜ੍ਹੀਆਂ ਨੇ ਰੱਜ ਤੇ ਸਾਈਕਲ ਚਲਾਇਆ ਹੈ। ਇਸ ਨਾਲ ਜਿੱਥੇ ਸ਼ਹਿਰੀਆਂ ਨੇ ਸਿਹਤ ਬਣਾਈ ਉੱਥੇ ਹੀ ਪ੍ਰਦੂਸ਼ਨ ਦੇ ਕਹਿਰ ਨੂੰ ਵੀ ਮਾਤ ਪਾਉਣ ਵਿੱਚ ਹਿੱਸਾ ਪਾਇਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਤੇ ਲੋਕਾਂ ਨੂੰ ਫਿੱਟ ਰੱਖਣ ਦੇ ਉਦੇਸ਼ ਨਾਲ ਸਾਲ 2021 ਵਿੱਚ ਪਬਲਿਕ ਸਾਈਕਲ ਸ਼ੇਅਰਿੰਗ ਸਕੀਮ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਇਨ੍ਹਾਂ ਬਾਈ ਸਾਈਕਲਾਂ ਲਈ ਕੁੱਲ 7 ਲੱਖ ਸਵਾਰੀਆਂ ਬੁੱਕ ਕੀਤੀਆਂ ਜਾ ਚੁੱਕੀਆਂ ਹਨ ਤੇ 2 ਲੱਖ ਤੋਂ ਵੱਧ ਰਜਿਸਟਰਡ ਉਪਭੋਗਤਾ ਹਨ। ਹੁਣ ਤੱਕ ਇਹ ਸਾਈਕਲ 29 ਲੱਖ ਕਿਲੋਮੀਟਰ ਚੱਲ ਚੁੱਕੇ ਹਨ ਤੇ ਸ਼ਹਿਰ ਵਿੱਚ 657 ਟਨ ਕਾਰਬਨ ਘੱਟ ਹੋਈ ਹੈ।
ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੂੰ ਸਾਈਕਲ ਚਲਾਉਣ 'ਚ ਪੁਰਸ਼ ਕਾਫੀ ਅੱਗੇ ਹਨ। 82.7 ਫੀਸਦੀ ਪੁਰਸ਼ਾਂ ਨੇ ਇਨ੍ਹਾਂ ਸਾਈਕਲਾਂ ਦੀ ਵਰਤੋਂ ਕੀਤੀ ਹੈ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 63.23 ਪ੍ਰਤੀਸ਼ਤ ਸਾਈਕਲ 20 ਤੋਂ 30 ਸਾਲ ਦੀ ਉਮਰ ਦੇ ਲੋਕਾਂ ਦੁਆਰਾ ਚਲਾਏ ਗਏ।
ਇਸ ਤੋਂ ਇਲਾਵਾ 18.28 ਫੀਸਦੀ ਰਾਈਡ 20 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੇ ਲਈ ਹੈ। ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਲੋਕ ਰੋਜ਼ਾਨਾ 1200 ਤੋਂ 1500 ਰਾਈਡ ਲੈ ਰਹੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਨਗਰ ਨਿਗਮ ਵੀ ਲੋਕਾਂ ਨੂੰ ਇਨ੍ਹਾਂ ਸਾਈਕਲਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਹਾਸਲ ਜਾਣਕਾਰੀ ਅਨੁਸਾਰ ਇਨ੍ਹਾਂ ਸਾਈਕਲਾਂ (ਸਮਾਰਟ ਬਾਈਕ) ਨੂੰ ਚਲਾਉਣ ਵਿੱਚ ਔਰਤਾਂ ਬਹੁਤ ਪਿੱਛੇ ਹਨ। ਇੱਕ ਅੰਕੜੇ ਅਨੁਸਾਰ, ਅਗਸਤ 2021 ਤੋਂ ਹੁਣ ਤੱਕ, ਸਿਰਫ 17.09 ਪ੍ਰਤੀਸ਼ਤ ਔਰਤਾਂ ਨੇ ਸਾਈਕਲਾਂ ਦੀ ਵਰਤੋਂ ਕੀਤੀ ਹੈ। ਹੁਣ ਨਗਰ ਨਿਗਮ ਔਰਤਾਂ ਨੂੰ ਸਾਈਕਲ ਰਾਈਡ ਲਈ ਪ੍ਰੇਰਿਤ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।