Chandigarh Traffic advisory: ਪੰਜਾਬ ਭਰ ਤੋਂ ਕਿਸਾਨ ਅੱਜ ਚੰਡੀਗੜ੍ਹ ਵੱਲ ਧਾਵਾ ਬੋਲ ਰਹੇ ਹਨ। ਕਿਸਾਨਾਂ ਨੇ ਚੰਡੀਗੜ੍ਹ ਨੂੰ ਚੁਫੇਰਿਓਂ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨ ਅੰਦੋਲਨ ਕਾਰਨ ਚੰਡੀਗੜ੍ਹ ਵਿੱਚ ਕਈ ਸੜਕਾਂ ਬੰਦ ਰਹਿਣਗੀਆਂ। ਇਸ ਲਈ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। 


ਪੁਲਿਸ ਮੁਤਾਬਕ ਮੁੱਖ ਤੌਰ ’ਤੇ ਟ੍ਰਿਬਿਊਨ ਚੌਕ ਤੋਂ ਏਅਰਪੋਰਟ ਵੱਲ ਜਾਣ ਵਾਲੀ ਸੜਕ ਤੇ ਪੰਚਕੂਲਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਕੇਂਦਰੀ ਸੜਕ ’ਤੇ ਟ੍ਰੈਫਿਕ ਵਿੱਚ ਵਿਘਨ ਪਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਇਨ੍ਹਾਂ ਰਸਤਿਆਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਲਈ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।


ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਲਾਹ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ 25 ਤੋਂ 28 ਨਵੰਬਰ ਤੱਕ ਮੁਹਾਲੀ ਗੋਲਫ ਰੇਂਜ ਦੇ ਨਾਲ ਲੱਗਦੀ ਤੇ ਰੇਲਵੇ ਟ੍ਰੈਕ ਫੇਜ਼-11 ਦੀ ਸੜਕ ਨੂੰ ਪਿੰਡ ਫੈਦਾ ਜੰਕਸ਼ਨ ਨੰਬਰ 63 ਪੂਰਬ ਰੋਡ 'ਤੇ ਬੰਦ ਰੱਖਿਆ ਜਾਵੇਗਾ। ਇਹ ਸੜਕ ਅੱਗੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਂਦੀ ਹੈ। ਇਸ ਲਈ ਜਨਤਾ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।


ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਏਅਰਪੋਰਟ, ਐਰੋਸਿਟੀ ਤੇ ਬੈਸਟੈਕ ਮਾਲ ਵੱਲ ਜਾਣ ਵਾਲੇ ਲੋਕਾਂ ਨੂੰ ਫੈਦਾ ਬੈਰੀਅਰ ਜੰਕਸ਼ਨ ਨੰਬਰ 63 ਤੋਂ ਖੱਬੇ ਪਾਸੇ ਜਾ ਕੇ ਸਲਿੱਪ ਰੋਡ ਦਾ ਸਹਾਰਾ ਲੈਣਾ ਪਏਗਾ। ਇਸ ਤੋਂ ਬਾਅਦ ਸੈਕਟਰ 46/47/48/49 ਚੌਕ ਜੰਕਸ਼ਨ ਨੰਬਰ 62 ਤੋਂ ਏਅਰਪੋਰਟ ਰੋਡ ਵੱਲ ਮੁੜਣਾ ਹੈ। ਇਹ ਰਸਤਾ ਖੁੱਲ੍ਹਾ ਰਹੇਗਾ।






ਪਟਿਆਲਾ, ਸੰਗਰੂਰ, ਸਿਰਸਾ ਤੇ ਅੰਬਾਲਾ ਵੱਲ ਜਾਣ ਵਾਲੇ ਲੋਕਾਂ ਨੂੰ ਟ੍ਰਿਬਿਊਨ ਚੌਕ ਤੋਂ ਸਿੱਧੇ ਜ਼ੀਰਕਪੁਰ ਵੱਲ ਜਾਣ ਦੀ ਸਲਾਹ ਦਿੱਤੀ ਗਈ ਹੈ। ਇਹ ਸੜਕ ਪੂਰੀ ਤਰ੍ਹਾਂ ਖੁੱਲ੍ਹੀ ਰਹੇਗੀ। ਆਮ ਲੋਕਾਂ ਨੂੰ ਟ੍ਰਿਬਿਊਨ ਚੌਕ ਤੋਂ ਏਅਰਪੋਰਟ ਵੱਲ ਜਾਣ ਵਾਲੀ ਸੜਕ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਰ ਰਸਤੇ ਅਪਨਾਉਣੇ ਪੈਣਗੇ।



ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਤਹਿਤ 25 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 28 ਨਵੰਬਰ ਦੁਪਹਿਰ 12 ਵਜੇ ਤੱਕ ਜਗਤਪੁਰਾ ਸੈਕਟਰ 48/49 ਲਾਈਟ ਪੁਆਇੰਟ ਤੋਂ ਬਾਬਾ ਵਾਈਟ ਹਾਊਸ ਤੱਕ ਆਵਾਜਾਈ ਬੰਦ ਰਹੇਗੀ। ਕੌਮੀ ਇਨਸਾਫ਼ ਮੋਰਚਾ ਦੀ ਹੜਤਾਲ ਕਾਰਨ ਵਾਈਪੀਐਸ ਚੌਕ ਦੀ ਸੜਕ ਪਹਿਲਾਂ ਹੀ ਬੰਦ ਹੈ।