Chandigarh News: ਚੰਡੀਗੜ੍ਹੀਆਂ ਨੂੰ ਅਪਰੈਲ ਤੋਂ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਅਗਲੇ ਮਹੀਨੇ ਤੋਂ ਪੀਣਾ ਵਾਲਾ ਪਾਣੀ ਮਹਿੰਗਾ ਹੋ ਜਾਏਗਾ। ਪਾਣੀ ਦੀਆਂ ਦਰਾਂ ਵਿੱਚ ਇਸ ਪੰਜ ਫੀਸਦੀ ਵਾਧੇ ਨਾਲ ਪਾਣੀ ਤੇ ਸੀਵਰੇਜ ਦੇ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪਵੇਗਾ। 


ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਵੱਲੋਂ ਭੇਜੇ ਜਾਣ ਵਾਲੇ ਪੀਣ ਵਾਲੇ ਪਾਣੀ ਦੇ ਬਿੱਲਾਂ ਦੀਆਂ ਮੌਜੂਦਾ ਦਰਾਂ ਵਿੱਚ ਅਗਲੇ ਵਿੱਤੀ ਵਰ੍ਹੇ ਤੋਂ ਪੰਜ ਫ਼ੀਸਦ ਦਾ ਵਾਧਾ ਕੀਤੇ ਜਾਣ ਦੀ ਯੋਜਨਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਪਿਛਲੇ ਨੋਟੀਫਿਕੇਸ਼ਨ ਅਨੁਸਾਰ ਨਿਗਮ ਆਉਣ ਵਾਲੀ ਪਹਿਲੀ ਅਪਰੈਲ ਤੋਂ ਪਾਣੀ ਦੇ ਰੇਟਾਂ ਵਿੱਚ ਪੰਜ ਫੀਸਦੀ ਵਾਧਾ ਕਰ ਕੇ ਨਵੇਂ ਬਿੱਲ ਭੇਜੇਗਾ। 


ਦੱਸ ਦਈਏ ਕਿ ਪਿਛਲੇ ਸਾਲ 11 ਸਤੰਬਰ 2022 ਨੂੰ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਦੇ ਸਕੱਤਰ ਵੱਲੋਂ ਪਾਣੀ ਦੇ ਰੇਟਾਂ ਵਿੱਚ ਵਾਧੇ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਨਵੇਂ ਬਿੱਲ ਭੇਜੇ ਜਾਣਗੇ। ਇਹ ਬਿੱਲ ਪਾਣੀ ਦੀ ਖ਼ਪਤ ਅਨੁਸਾਰ ਤੈਅ ਦਰਾਂ ’ਤੇ ਪੰਜ ਫੀਸਦੀ ਵਾਧੇ ਨਾਲ ਭੇਜੇ ਜਾਣਗੇ। ਇਸ ਤੋਂ ਪਹਿਲਾਂ ਪਹਿਲਾ ਵਾਧਾ 3 ਫੀਸਦੀ ਸੀ, ਜਿਸ ਨੂੰ 11 ਸਤੰਬਰ 2022 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਵਧਾ ਕੇ ਪੰਜ ਫੀਸਦੀ ਕਰ ਦਿੱਤਾ ਗਿਆ ਸੀ। ਇਹ ਵਾਧਾ ਅਗਲੇ ਵਿੱਤੀ ਸਾਲ 2023-24 ਲਈ ਪਹਿਲੀ ਅਪਰੈਲ ਤੋਂ ਪਾਣੀ ਦੇ ਬਿੱਲਾਂ ਵਿੱਚ ਲਾਗੂ ਹੋਵੇਗਾ।


ਹਾਸਲ ਜਾਣਕਾਰੀ ਮੁਤਾਬਕ ਪਾਣੀ ਦੀਆਂ ਦਰਾਂ ਵਿੱਚ ਇਸ ਪੰਜ ਫੀਸਦੀ ਵਾਧੇ ਨਾਲ ਪਾਣੀ ਤੇ ਸੀਵਰੇਜ ਦੇ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪਵੇਗਾ। ਪਿਛਲੇ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਵਿੱਤੀ ਵਰ੍ਹੇ 2023-24 ਲਈ 5 ਫੀਸਦੀ ਸਾਲਾਨਾ ਵਾਧੇ ਨੂੰ ਨੋਟੀਫਾਈ ਕੀਤਾ ਸੀ। ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਪਾਣੀ ਦੀਆਂ ਵਧਾਈਆਂ ਗਈਆਂ ਦਰਾਂ ਨੂੰ ਲੈ ਕੇ ਨਿਗਮ ਦੇ ਹਾਊਸ ਨੇ ਸਿਰੇ ਤੋਂ ਹੀ ਇਸ ਨੂੰ ਨਕਾਰ ਦਿੱਤਾ ਸੀ। 


ਨਿਗਮ ਦੇ ਹਾਊਸ ਦੇ ਫੈਸਲੇ ਨੂੰ ਪਲਟਦੇ ਹੋਏ ਪ੍ਰਸ਼ਾਸਨ ਨੇ ਵਧੀਆਂ ਹੋਈਆਂ ਦਰਾਂ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਸੀ। ਇਸ ਤੋਂ ਬਾਅਦ ਜਾਰੀ ਵਿਰੋਧ ਕਾਰਨ ਪ੍ਰਸ਼ਾਸਨ ਨੇ ਵਧਾਈਆਂ ਹੋਈਆਂ ਦਰਾਂ ਵਿੱਚ ਮਾਮੂਲੀ ਰਾਹਤ ਦੇਣ ਤੋਂ ਬਾਅਦ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਨਿਗਮ ਨੇ ਪਿਛਲੇ ਸਾਲ ਹੀ ਸ਼ਹਿਰ ਵਿੱਚ ਪਾਣੀ ਦੀਆਂ ਦਰਾਂ ਵਿੱਚ ਵਾਧਾ ਲਾਗੂ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਮੇਤ ਹੋਰ ਸ਼ਹਿਰੀ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ।


ਹੁਣ ਇਨ੍ਹਾਂ ਦਰਾਂ ’ਤੇ ਹੋਣ ਵਾਲੀ ਪੰਜ ਫ਼ੀਸਦ ਵਾਧੇ ਕਾਰਨ ਸ਼ਹਿਰ ਵਾਸੀਆਂ ਦੀ ਜੇਬ ’ਤੇ ਹੋਰ ਭਾਰ ਪੈਣ ਵਾਲਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਨਿਗਮ ਸ਼ਹਿਰ ਵਿੱਚ ਪਾਣੀ ਦੀ ਬਿੱਲ ਰਾਸ਼ੀ ’ਤੇ 30 ਫੀਸਦੀ ਸੀਵਰੇਜ ਸੈੱਸ ਵੀ ਲੈ ਰਿਹਾ ਹੈ। ਪਾਣੀ ਦੀਆਂ ਦਰਾਂ ਵਿੱਚ ਕੀਤੇ ਗਏ ਵਾਧੇ ਦਾ ਖਪਤਕਾਰਾਂ ਦੇ ਕੁੱਲ ਬਿਲ ’ਤੇ ਵੀ ਸਿਧਾ ਅਸਰ ਪਵੇਗਾ।