Chandigarh News: ਭਗਵੰਤ ਮਾਨ ਸਰਕਾਰ ਸਸਤੇ ਵਿੱਚ ਹੀ ਆਪਣੀ ਬੱਲੇ-ਬੱਲੇ ਕਰਾਉਣ ਕਰਕੇ ਕਸੂਤੀ ਘਿਰਦੀ ਜਾ ਰਹੀ ਹੈ। ਬੇਸ਼ੱਕ ਪੰਜਾਬ ਸਰਕਾਰ ਦੇ ਮੁਹੱਲਾ ਕਲੀਨਿਕਾਂ ਦੀ ਕੇਂਦਰ ਸਰਕਾਰ ਤੱਕ ਨੇ ਪ੍ਰਸੰਸਾ ਕੀਤੀ ਸੀ ਪਰ ਹੁਣ ਕਾਹਲ ਵਿੱਚ ਖੋਲ੍ਹੇ 400 ਹੋਰ ਮੁਹੱਲਾ ਕਲੀਨਿਕ ਸਰਕਾਰ ਦੀ ਕਿਰਕਿਰੀ ਕਰਵਾ ਰਹੇ ਹਨ। ਬਹੁਤੀਆਂ ਥਾਵਾਂ ਉੱਪਰ ਵੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਨੇ ਪਹਿਲਾਂ ਹੀ ਚੱਲ ਰਹੇ ਸਿਹਤ ਕੇਂਦਰਾਂ ਉੱਪਰ ਸੀਐਮ ਭਗਵੰਤ ਮਾਨ ਦੀ ਫੋਟੋ ਲਾ ਕੇ ਵਾਹ-ਵਾਹ ਖੱਟ ਲਈ ਹੈ। 

Continues below advertisement


ਇਸ ਦੀ ਇੱਕ ਮਿਸਾਲ ਬਨੂੜ ਖੇਤਰ ਵਿੱਚ ਵੇਖਣ ਨੂੰ ਮਿਲੀ। ਇਸ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਹੋ ਰਹੀ ਹੈ। ਹੈਰਾਨੀ ਦੱ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਬਨੂੜ ਖੇਤਰ ਵਿੱਚ ਹੁਣ ਤੱਕ ਖੋਲ੍ਹੇ ਗਏ ਤਿੰਨ ਆਮ ਆਦਮੀ ਕਲੀਨਿਕ ਉਨ੍ਹਾਂ ਪਿੰਡਾਂ ਵਿੱਚ ਹੀ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਪਹਿਲਾਂ ਹੀ ਸਿਹਤ ਕੇਂਦਰ ਮੌਜੂਦ ਹਨ। ਕਿਸੇ ਵੀ ਨਵੇਂ ਪਿੰਡ ਵਿੱਚ ਆਮ ਆਦਮੀ ਕਲੀਨਿਕ ਨਾ ਬਣਾਏ ਜਾਣ ਕਾਰਨ ਸਿਹਤ ਸੇਵਾਵਾਂ ਤੋਂ ਵਿਰਵੇ ਪਿੰਡਾਂ ਤੇ ਕਸਬਿਆਂ ਦੇ ਵਸਨੀਕਾਂ ਵਿੱਚ ਕਾਫ਼ੀ ਰੋਸ ਹੈ। 



ਦੱਸ ਦਈਏ ਕਿ 15 ਅਗਸਤ ਨੂੰ ਪਹਿਲੇ ਪੜਾਅ ਦੌਰਾਨ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਤਹਿਤ ਬਨੂੜ ਸ਼ਹਿਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਸੀ। ਸ਼ਹਿਰ ਵਿੱਚ ਪਹਿਲਾਂ ਹੀ ਤੀਹ ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਮੌਜੂਦ ਹੈ। ਹੁਣ 27 ਜਨਵਰੀ ਨੂੰ ਇਸ ਖੇਤਰ ਵਿੱਚ ਇੱਕ ਕਲੀਨਿਕ ਪਿੰਡ ਗੱਜੂ ਖੇੜਾ ਤੇ ਦੂਜਾ ਪਿੰਡ ਖੇੜੀ ਗੁਰਨਾ ਵਿੱਚ ਖੋਲ੍ਹਿਆ ਗਿਆ।


ਦਿਲਚਸਪ ਗੱਲ ਹੈ ਕਿ ਗੱਜੂ ਖੇੜਾ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਮਿਨੀ ਪ੍ਰਾਇਮਰੀ ਸਿਹਤ ਕੇਂਦਰ ਚੱਲ ਰਿਹਾ ਹੈ। ਇਸੇ ਮਿਨੀ ਪੀਐਚਸੀ ਵਿੱਚ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹਿਆ ਗਿਆ ਹੈ। ਇੱਥੇ ਪਿੰਡ ਬਲਸੂਆਂ ਦੀ ਪੇਂਡੂ ਡਿਸਪੈਂਸਰੀ ਤੋਂ ਡਾਕਟਰ ਤੇ ਹੋਰਨਾਂ ਸਿਹਤ ਕੇਂਦਰਾਂ ਵਿੱਚੋਂ ਬਾਕੀ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਖੇੜੀ ਗੁਰਨਾ ਦੀ ਪਹਿਲਾਂ ਮੌਜੂਦ ਪੇਂਡੂ ਡਿਸਪੈਂਸਰੀ ਦੇ ਮੈਡੀਕਲ ਅਫ਼ਸਰ ਨੂੰ ਇੱਥੇ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ।


ਰਾਜਪੁਰਾ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਖੇੜਾ ਗੱਜੂ ਵਿਖੇ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮਿਨੀ ਪੀਐਚਸੀ 1978 ਦਾ ਅਕਾਲੀ ਸਰਕਾਰ ਸਮੇਂ ਦਾ ਸਥਾਪਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਡਿਸਪੈਂਸਰੀਆਂ ਨੂੰ ਹੀ ਆਮ ਆਦਮੀ ਕਲੀਨਿਕਾਂ ਦਾ ਨਾਮ ਦੇ ਕੇ ਇਨ੍ਹਾਂ ਉੱਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਲਗਾ ਦਿੱਤੀਆਂ ਹਨ।


ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਆਲੇ ਦੁਆਲੇ ਦੇ ਸਿਹਤ ਕੇਂਦਰਾਂ ਦਾ ਸਟਾਫ਼ ਤਾਇਨਾਤ ਕਰਨ ਨਾਲ ਪੇਂਡੂ ਡਿਸਪੈਂਸਰੀਆਂ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਖੋਲੇ ਆਮ ਆਦਮੀ ਕਲੀਨਿਕਾਂ ਵਿੱਚ ਟੈਸਟਿੰਗ ਦਾ ਕੰਮ ਬਿਨਾਂ ਕੋਈ ਟੈਂਡਰ ਦਿੱਤੇ ਇੱਕੋ ਪ੍ਰਾਈਵੇਟ ਲੈਬ ਨੂੰ ਸੌਂਪ ਦਿੱਤਾ ਹੈ।