Girl missing report -  ਦੇਸ਼ ਵਿੱਚ ਮਨੁੱਖੀ ਤਸਕਰੀ ਖਾਸ ਕਰਕੇ ਕੁੜੀਆਂ ਤੇ ਔਰਤਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੁੜੀਆਂ ਦੇ ਗਾਇਬ ਹੋਣ ਦੇ ਮਾਮਲਿਆਂ ਚੰਡੀਗੜ੍ਹ ਵੀ ਸਭ ਤੋਂ ਉੱਪਰ ਆ ਗਿਆ ਹੈ। ਬੀਤੇ ਦਿਨ ਰਾਜ ਸਭਾ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਦੇਸ਼ ਭਰ ਵਿੱਚ ਲਾਪਤਾ ਲੜਕੀਆਂ ਅਤੇ ਔਰਤਾਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਕਈ ਵੱਡੇ ਖੁਲਾਸੇ ਹੋਏ 


ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਚੰਡੀਗੜ੍ਹ ਵਿੱਚ ਰੋਜ਼ 3 ਤੋਂ 4 ਕੁੜੀਆਂ ਅਤੇ ਔਰਤਾਂ ਗਾਇਬ ਹੋ ਰਹੀਆਂ ਹਨ। ਇਹ ਅੰਕੜੇ ਚਿੰਤਾ ਦਾ ਵਿਸ਼ਾ ਹਨ। ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ 18 ਸਾਲ ਤੋਂ ਘੱਟ ਅਤੇ 18 ਸਾਲ ਤੋਂ ਵੱਧ ਉਮਰ ਦੇ ਹਿਸਾਬ ਨਾਲ ਸ਼੍ਰੇਣੀ ਅਨੁਸਾਰ ਬਣਾਈ ਗਈ ਹੈ। 


ਜੇਕਰ ਸਾਲ 2019 ਤੋਂ 2021 ਤੱਕ ਦੀ ਇਸ ਰਿਪੋਰਟ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ 'ਚ ਇਨ੍ਹਾਂ ਤਿੰਨ ਸਾਲਾਂ 'ਚ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਲਾਪਤਾ ਹੋਣ ਦੇ 921 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਸਾਲਾਂ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ 3669 ਔਰਤਾਂ ਲਾਪਤਾ ਹੋਈਆਂ ਹਨ। ਯਾਨੀ ਜੇਕਰ ਇਨ੍ਹਾਂ ਤਿੰਨ ਸਾਲਾਂ ਦੀ ਔਸਤ ਦੇਖੀਏ ਤਾਂ ਹਰ ਰੋਜ਼ 4 ਔਰਤਾਂ ਲਾਪਤਾ ਹੋ ਰਹੀਆਂ ਹਨ।


ਯੂਟੀ ਸ਼੍ਰੇਣੀ ਵਿੱਚ  ਦਿੱਲੀ, ਜੰਮੂ ਅਤੇ ਕਸ਼ਮੀਰ ਤੋਂ ਬਾਅਦ ਤੀਜਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਲਾਪਤਾ ਹੋ ਰਹੀਆਂ ਹਨ। 2019 ਤੋਂ 2021 ਤੱਕ ਦੇ ਤਿੰਨ ਸਾਲਾਂ ਦਾ ਅੰਕੜਾ ਦੇਖੀਓ ਤਾਂ ਦਿੱਲੀ ਵਿੱਚ 18 ਸਾਲ ਤੋਂ ਘੱਟ ਉਮਰ ਦੀਆਂ 22,919 ਲੜਕੀਆਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ 61,050 ਔਰਤਾਂ ਲਾਪਤਾ ਹੋਈਆਂ।


ਜੰਮੂ-ਕਸ਼ਮੀਰ 'ਚ ਇਨ੍ਹਾਂ ਤਿੰਨ ਸਾਲਾਂ 'ਚ 18 ਸਾਲ ਤੋਂ ਘੱਟ ਉਮਰ ਦੀਆਂ 1148 ਲੜਕੀਆਂ ਗਾਇਬ ਹੋਈਆਂ ਜਦਕਿ 18 ਸਾਲ ਤੋਂ ਵੱਧ ਉਮਰ ਦੀਆਂ 8617 ਔਰਤਾਂ ਲਾਪਤਾ ਹੋਈਆਂ ਹਨ। ਇਸ ਰਿਪੋਰਟ ਅਨੁਸਾਰ ਪੰਜਾਬ ਨਾਲੋਂ ਹਰਿਆਣਾ ਵਿੱਚ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਵੱਧ ਹਨ। ਪੰਜਾਬ-ਹਰਿਆਣਾ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਵਿੱਚ ਲਾਪਤਾ ਹੋਣ ਦੇ ਮਾਮਲੇ ਬਹੁਤ ਘੱਟ ਹਨ।



ਮਨੁੱਖੀ ਤਸਕਰੀ ਨੂੰ ਰੋਕਣ ਤੋਂ ਲੈ ਕੇ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਸਰਕਾਰਾਂ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਹਨ ਕਿ ਬੱਚੀਆਂ ਜਾਂ ਔਰਤਾਂ ਵਿਰੁੱਧ ਅਪਰਾਧਾਂ ਨੂੰ ਘੱਟ ਕੀਤਾ ਜਾਵੇਗਾ ਪਰ ਅੱਜ ਵੀ ਸਥਿਤੀ ਅਜਿਹੀ ਹੈ ਕਿ ਹਰ ਰੋਜ਼ ਕਈ ਲੜਕੀਆਂ ਅਤੇ ਔਰਤਾਂ ਲਾਪਤਾ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਮਿਲ ਜਾਂਦੀਆਂ ਹਨ ਪਰ ਕਈ ਹਮੇਸ਼ਾ ਲਈ ਗੁੰਮਸ਼ੁਦਾ ਰਿਪੋਰਟ ਵਿੱਚ  ਰਹਿ ਜਾਂਦੀਆਂ ਹਨ।