ਸੂਬੇ ਦੀ ਪੁਰਾਤਨ ਸ਼ਾਨ ਬਹਾਲੀ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਖ਼ੂਨ ਦਾ ਹਰ ਕਤਰਾ ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸਮਰਪਿਤ ਹੈ।


ਇੱਥੇ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਪਹਿਲੀ ਵਾਰ ਸੂਬੇ ਦੀ ਸੱਤਾ ਉਨ੍ਹਾਂ ਲੋਕ ਆਗੂਆਂ ਨੂੰ ਸੌਂਪੀ ਗਈ ਹੈ, ਜੋ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਪਹਿਲਾਂ ਇਹ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿੱਚ ਸੀ, ਜੋ ਸੂਬੇ ਨੂੰ ਲੁੱਟਣ ਵਿੱਚ ਅੰਗਰੇਜ਼ਾਂ ਤੋਂ ਵੀ ਅੱਗੇ ਨਿਕਲ ਗਏ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਹਰ ਪੰਜਾਬੀ ਅਤੇ ਸੂਬੇ ਦੇ ਸਾਰੇ ਨਾਗਰਿਕਾਂ ਦੀ ਸਰਕਾਰ ਹੈ ਅਤੇ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਦਾ ਇਸ ਸਾਲ ਦਾ ਭਾਸ਼ਣ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਹੋਣ ਵਾਲੇ ਵੱਡੇ ਵਿਕਾਸ ਦਾ ਮਹਿਜ਼ ਇੱਕ ਝਲਕਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰ ਖੇਤਰ ਵਿੱਚ ਸਰਬਪੱਖੀ ਤਰੱਕੀ ਤੇ ਖ਼ੁਸ਼ਹਾਲ ਦਾ ਗਵਾਹ ਬਣ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਾਰੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਹਰ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਪੂਰੇ ਜੋਸ਼ੋ-ਖ਼ਰੋਸ਼ ਨਾਲ ਕੰਮ ਕਰ ਰਹੀ ਹੈ।


ਆਪਣੀ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੇ ਲੰਮੇ ਕੱਟ ਲੱਗਣੇ ਪੁਰਾਣੇ ਸਮੇਂ ਦੀ ਗੱਲ ਹੋ ਗਈ ਹੈ ਕਿਉਂਕਿ ਪੰਜਾਬ ਹੁਣ ਬਿਜਲੀ ਸਰਪਲੱਸ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ 83 ਫ਼ੀਸਦ ਵਾਧਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਪਛਵਾੜਾ ਕੋਲਾ ਖਾਣ ਤੋਂ ਬਿਜਲੀ ਉਤਪਾਦਨ ਲਈ ਕੋਲੇ ਦੀ ਸਪਲਾਈ ਲੰਬੇ ਸਮੇਂ ਬਾਅਦ ਮੁੜ ਸ਼਼ੁਰੂ ਹੋਈ ਹੈ।


ਇਹ ਵੀ ਪੜ੍ਹੋ: ਪਿਛਲੇ ਜਨਮ ਦਾ ਪਿਆਰ ਦੱਸ ਕੇ ਇਸ ਵਿਅਕਤੀ ਨੇ ਨਾਗਿਨ ਨਾਲ ਕਰਵਾ ਲਿਆ ਵਿਆਹ


ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ 1 ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਨਵੰਬਰ-ਦਸੰਬਰ, 2022 ਦੇ ਮਹੀਨਿਆਂ ਦੌਰਾਨ ਸੂਬੇ ਦੇ 87 ਫ਼ੀਸਦ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੂਬੇ ਦੇ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਹਨ।


ਇਹ ਵੀ ਪੜ੍ਹੋ: ਇਲੈਕਟ੍ਰਿਕ ਵਾਹਨ ਨੂੰ ਚਾਰਜ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ