Chandigarh News : ਅਭਿਨੇਤਰੀ ਉਪਾਸਨਾ ਸਿੰਘ ਵਲੋਂ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ 'ਤੇ ਲਗਾਏ ਗਏ ਆਰੋਪਾਂ ਨੂੰ ਲੈ ਕੇ ਸ਼ਨੀਵਾਰ ਨੂੰ ਜ਼ਿਲਾ ਅਦਾਲਤ 'ਚ ਸੁਣਵਾਈ ਹੋਈ ਹੈ। ਇਸ ਦੌਰਾਨ ਹਰਨਾਜ਼ ਸੰਧੂ ਨੇ ਆਪਣੇ 'ਤੇ ਲੱਗੇ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਅਦਾਲਤ 'ਚ ਆਪਣਾ ਜਵਾਬ ਪੇਸ਼ ਕੀਤਾ। ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਪਾਸਨਾ ਸਿੰਘ ਨੇ ਕਈ ਤੱਥ ਛੁਪਾਏ ਹਨ। ‘ਬਾਈ ਜੀ ਕੁਟਣਗੇ’ ਫ਼ਿਲਮ ਦੇ ਪ੍ਰਚਾਰ ਲਈ ਕੋਈ ਤੈਅ ਸਮਾਂ ਮਿਆਦ ਨਹੀਂ ਰੱਖੀ ਗਈ। ਉਸ ਨੇ ਸਮਝੌਤੇ ਦੀ ਕਿਸੇ ਸ਼ਰਤ ਦੀ ਉਲੰਘਣਾ ਨਹੀਂ ਕੀਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਪ੍ਰੈਲ ਨੂੰ ਹੋਵੇਗੀ।


 

ਸੰਧੂ ਛਵੀ ਖਰਾਬ ਕਰਨ ਦਾ ਲਗਾਇਆ ਆਰੋਪ 

 

ਹਰਨਾਜ਼ ਕੌਰ ਸੰਧੂ ਨੇ ਅਦਾਲਤ ਵਿੱਚ ਕਿਹਾ ਕਿ ਉਹ ਆਪਣੀ ਪਹਿਲੀ ਫਿਲਮ ਨੂੰ ਲੈ ਕੇ ਬਹੁਤ ਉਤਸੁਕ ਸੀ। ਇਸ ਸਬੰਧੀ ਉਹ ਫਿਲਮ ਦੇ ਮੁੱਖ ਮੈਂਬਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਕਤ ਸੰਧੂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਉਨ੍ਹਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਹਰਨਾਜ਼ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਐਗਰੀਮੈਂਟ ਚੰਡੀਗੜ੍ਹ 'ਚ ਹੋਇਆ ਸੀ ਜਦਕਿ ਉਸਨੂੰ ਦਿਖਾਇਆ ਦਿੱਲੀ 'ਚ ਹੈ। ਅਜਿਹੇ 'ਚ ਤੱਥਾਂ ਨੂੰ ਛੁਪਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਟੀਸ਼ਨਕਰਤਾ ਵੱਲੋਂ 1 ਕਰੋੜ ਰੁਪਏ ਦੇ ਕਲੇਮ ਕੇਸ ਨਾਲ ਸਬੰਧਤ ਫੀਸ ਵੀ ਅਦਾਲਤ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਹੈ।



 

'ਬਾਈ ਜੀ ਕੁਟਣਗੇ' 'ਚ  ਮੁੱਖ ਭੂਮਿਕਾ 'ਚ ਸੀ ਹਰਨਾਜ਼



ਸਾਲ 2020 ਵਿੱਚ ਹਰਨਾਜ਼ ਕੌਰ ਸੰਧੂ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਜਿਸ ਤੋਂ ਬਾਅਦ ਉਸ ਨੇ ਉਪਾਸਨਾ ਸਿੰਘ ਦੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਨਾਲ ਫਿਲਮ ਲਈ ਇੱਕ ਐਗਰੀਮੈਂਟ ਸਾਇਨ ਕੀਤਾ ਸੀ। 'ਬਾਈ ਜੀ ਕੁਟਣਗੇ' ਨਾਂ ਦੀ ਪੰਜਾਬੀ ਫ਼ਿਲਮ ਬਣਨੀ ਸੀ ਜਿਸ ਵਿਚ ਹਰਨਾਜ਼ ਨੂੰ ਮੁੱਖ ਭੂਮਿਕਾ ਦਿੱਤੀ ਗਈ ਸੀ। ਉਪਾਸਨਾ ਦੇ ਅਨੁਸਾਰ ਸਮਝੌਤੇ ਦੇ ਤਹਿਤ ਕਲਾਕਾਰ ਨੂੰ ਫਿਲਮ ਦੀ ਪ੍ਰਮੋਸ਼ਨਲ ਗਤੀਵਿਧੀ ਲਈ ਉਪਲਬਧ ਹੋਣਾ ਚਾਹੀਦਾ ਸੀ। ਜਿਸ ਬਾਰੇ ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਫਿਲਮ ਬਣਾਉਣ ਤੋਂ ਬਾਅਦ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।