Chandigarh Weather: ਚੰਡੀਗੜ੍ਹ ਵਿੱਚ ਅਗਲੇ ਕੁਝ ਦਿਨ ਮੌਸਮ ਠੰਢਾ ਰਹੇਗਾ। ਮੌਸਮ ਵਿਗਿਆਨੀਆਂ ਨੇ 26 ਤੋਂ 28 ਜੂਨ ਤੱਕ ਸ਼ਹਿਰ ਵਿੱਚ ਮੱਧਮ ਤੇ 29 ਜੂਨ ਨੂੰ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਪਾਰਾ ਹੇਠਾਂ ਰਹੇਗਾ ਤੇ ਗਰਮੀ ਤੋਂ ਰਾਹਤ ਮਿਲੇਗੀ। 



ਦੱਸ ਦਈਏ ਕਿ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅਤਿ ਦੀ ਗਰਮੀ ਤੇ ਹੋ ਰਹੀ ਹੁੰਮਸ ਕਰਕੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਸੀ। ਐਤਵਾਰ ਨੂੰ ਪਏ ਮੀਂਹ ਤੇ ਦਿਨ ਭਰ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਕਰਕੇ ਦਿਨ ਸਮੇਂ ਸ਼ਹਿਰ ਦੇ ਤਾਪਮਾਨ ਸੱਤ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਸ਼ਹਿਰ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਹੀ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। 



ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ ਸੱਤ ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 26.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਦੇ ਬਰਾਬਰ ਰਿਹਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਹੁੰਮਸ ਪਹਿਲਾਂ 80 ਫ਼ੀਸਦ ਦੇ ਕਰੀਬ ਸੀ ਜੋ ਸ਼ਾਮ ਹੁੰਦਿਆਂ-ਹੁੰਦਿਆਂ ਘੱਟ ਕੇ 70 ਫ਼ੀਸਦ ਰਹਿ ਗਈ। 



ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉੱਥੇ ਘੱਟ ਤੋਂ ਘੱਟ ਤਾਪਮਾਨ 24.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।


ਸਿਟੀ ਬਿਊਟੀਫੁੱਲ ’ਚ ਮੌਸਮ ਦੀ ਤਬਦੀਲੀ ਹੋਣ ਕਾਰਨ ਸ਼ਹਿਰ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਜਿਵੇਂ ਕਿ ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ ਆਦਿ ਵਿੱਚ ਸਾਰਾ ਦਿਨ ਸੈਲਾਨੀਆਂ ਦੀ ਭੀੜ ਲੱਗੀ ਰਹੀ। ਸੁਖਨਾ ਝੀਲ ’ਤੇ ਲੋਕਾਂ ਦੀ ਭੀੜ ਨੂੰ ਦੇਖਦਿਆਂ ਟਰੈਫਿਕ ਪੁਲਿਸ ਨੂੰ ਵਿਸ਼ੇਸ਼ ਪ੍ਰਬੰਧ ਤੱਕ ਕਰਨੇ ਪਏ। ਇਸ ਤੋਂ ਇਲਾਵਾ ਮੌਸਮ ’ਚ ਤਬਦੀਲੀ ਕਰ ਕੇ ਸ਼ਹਿਰ ਦੇ ਪਾਰਕਾਂ ਤੇ ਬਾਜ਼ਾਰਾਂ ’ਚ ਵੀ ਲੋਕਾਂ ਦੀ ਰੌਣਕ ਦੇਖਣ ਨੂੰ ਮਿਲੀ। ਬਦਲਦੇ ਮੌਸਮ ਨੂੰ ਦੇਖਦੇ ਹੋਏ ਲੋਕ ਬਾਹਰ ਘੁੰਮਣ ਫਿਰਨ ਦਾ ਆਨੰਦ ਲੈ ਰਹੇ ਹਨ। 


Read More: Punjab Weather Report: ਪੰਜਾਬ 'ਚ ‘ਯੈਲੋ ਅਲਰਟ’, ਮੌਨਸੂਨ ਨੇ ਦਿੱਤੀ ਦਸਤਕ?