Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਹੁਣ ਲੋਕਾਂ ਨੂੰ ਦਫਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪਏਗਾ ਕਿਉਂਕਿ ਘਰ ਬੈਠੇ ਹੀ 252 ਕੰਮ ਹੋ ਜਾਇਆ ਕਰਨਗੇ। ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਲੋਕ ਜਲਦ ਹੀ ਅਸਟੇਟ ਦਫ਼ਤਰ, ਕਰ ਤੇ ਆਬਕਾਰੀ ਵਿਭਾਗ, ਆਰਐਲਏ, ਈ-ਸੰਪਰਕ, ਸਮਾਜ ਭਲਾਈ, ਇੰਜਨੀਅਰਿੰਗ ਸਣੇ ਹੋਰਨਾਂ ਕਈ ਵਿਭਾਗਾਂ ਨਾਲ ਸਬੰਧਤ 252 ਤੋਂ ਵੱਧ ਸੇਵਾਵਾਂ ਦਾ ਲਾਭ ਇੱਕੋ ਪਲੈਟਫਾਰਮ ’ਤੇ ਲੈ ਸਕਣਗੇ।
ਹਾਸਲ ਜਾਣਕਾਰੀ ਮੁਤਾਬਕ ਯੂਟੀ ਪ੍ਰਸ਼ਾਸਨ ਵੱਲੋਂ ਵੈੱਬ ਪੋਰਟਲ ਤਿਆਰ ਕੀਤਾ ਗਿਆ ਹੈ ਜਿਸ ਦਾ ਟਰਾਇਲ ਚੱਲ ਰਿਹਾ ਹੈ। ਇਸ ਪੋਰਟਲ ਨੂੰ ਟਰਾਇਲ ਤੋਂ ਬਾਅਦ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ। ਇਸ ਰਾਹੀਂ ਲੋਕ ਘਰ ਬੈਠੇ ਹੀ ਮੋਬਾਈਲ ਫੋਨ ਜਾਂ ਕੰਪਿਊਟਰ ਰਾਹੀਂ ਵੱਖ-ਵੱਖ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਨਾਲ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ’ਚ ਜਾਣ ਦੀ ਲੋੜ ਨਹੀਂ ਪੈਣੀ।
ਹਾਸਲ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਵਿੱਚ ਆਬਕਾਰੀ ਵਿਭਾਗ ਦੀਆਂ 26 ਤੇ ਟਰਾਂਸਪੋਰਟ ਵਿਭਾਗ ਦੀਆਂ 24 ਸੇਵਾਵਾਂ, ਖੇਤੀਬਾੜੀ ਵਿਭਾਗ ਦੀਆਂ ਦੋ, ਏਡਜ਼ ਕੰਟਰੋਲ ਸੁਸਾਇਟੀ ਦੀ ਇਕ, ਚੰਡੀਗੜ੍ਹ ਹਾਊਸਿੰਗ ਬੋਰਡ ਦੀਆਂ 8, ਡੀਸੀ ਦਫ਼ਤਰ ਦੀਆਂ 12, ਡਰੱਗ ਕੰਟਰੋਲਰ ਤੇ ਲਾਇਸੈਂਸਿੰਗ ਅਥਾਰਟੀ ਦੀਆਂ 4, ਈ-ਸੰਪਰਕ ਵਿਭਾਗ ਦੀਆਂ 7, ਸਿੱਖਿਆ ਵਿਭਾਗ ਦੀਆਂ 11, ਰੁਜ਼ਗਾਰ ਉਤਪਤੀ ਵਿਭਾਗ ਦੀ ਇਕ, ਇੰਜਨੀਅਰਿੰਗ ਵਿਭਾਗ ਦੀਆਂ 10, ਅਸਟੇਟ ਦਫ਼ਤਰ, ਸਮਾਜ ਭਲਾਈ ਵਿਭਾਗ ਤੇ ਸਮਾਜ ਭਲਾਈ ਵਿਭਾਗ ਦੀਆਂ 20-20 ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ। ਇਸੇ ਤਰ੍ਹਾਂ ਨਗਰ ਨਿਗਮ ਦੀਆਂ 6, ਕਿਰਤ ਵਿਭਾਗ ਦੀਆਂ 15, ਖੇਡ ਵਿਭਾਗ ਦੀਆਂ 3 ਤੇ ਹੋਰ ਵੀ ਕਈ ਵਿਭਾਗਾਂ ਦੀਆਂ ਸੇਵਾਵਾਂ ਨੂੰ ਆਨਲਾਈਨ ਕਰ ਦਿੱਤਾ ਹੈ।
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਦੀਆਂ ਸੇਵਾਵਾਂ ਨੂੰ ਆਨਲਾਈਨ ਕਰਨ ਲਈ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਵੱਲੋਂ ਇਹ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਰਾਹੀਂ ਹੀ ਵੱਖ-ਵੱਖ ਵਿਭਾਗਾਂ ਦੀਆਂ 252 ਸੇਵਾਵਾਂ ਦਾ ਇਕ ਥਾਂ ਉੱਤੇ ਲਾਭ ਲਿਆ ਜਾ ਸਕੇਗਾ। ਇਸ ਪੋਰਟਲ ਉੱਤੇ ਲੋਕਾਂ ਨੂੰ ਅਰਜ਼ੀ ਫਾਰਮ ਲੈਣ, ਫੀਸ ਜਮ੍ਹਾਂ ਕਰਵਾਉਣ ਤੇ ਆਪਣੀ ਅਰਜ਼ੀ ਦੀ ਮੌਜੂਦਾ ਸਥਿਤੀ ਟਰੈਕ ਕਰਨ ਦੀ ਵੀ ਸਹੂਲਤ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਦੇ ਕਈ ਵਿਭਾਗਾਂ ਦੀਆਂ ਸੇਵਾਵਾਂ ਪਹਿਲਾਂ ਹੀ ਵਿਭਾਗ ਦੀ ਵੈੱਬਸਾਈਟ ਉੱਤੇ ਮੌਜੂਦ ਹਨ। ਇਹ ਪੋਰਟਲ ਲੋਕਾਂ ਨੂੰ ਦੋ ਦਰਜਨ ਦੇ ਕਰੀਬ ਵਿਭਾਗਾਂ ਦੀਆਂ ਸੇਵਾਵਾਂ ਇੱਕੋ ਥਾਂ ਉੱਤੇ ਮੁਹੱਈਆ ਕਰਵਾਏਗਾ।