Chandigarh News: ਚੰਡੀਗੜ੍ਹ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਠੰਢ ਤੇ ਧੁੰਦ ਵਧਣ ਕਾਰਨ ਸਰਦੀ ਦੀਆਂ ਛੁੱਟੀਆਂ 14 ਜਨਵਰੀ ਤਕ ਵਧਾ ਦਿੱਤੀਆਂ ਗਈਆਂ ਹਨ ਪਰ ਇਹ ਹੁਕਮ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਉੱਪਰ ਲਾਗੂ ਹੋਣਗੇ। ਨੌਵੀਂ ਤੋਂ ਬਾਅਦ ਵਾਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ 9 ਜਨਵਰੀ ਤੋਂ ਖੁੱਲ੍ਹਣਗੇ ਪਰ ਇਨ੍ਹਾਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਸਮਾਂ ਸਵੇਰੇ ਨੌਂ ਵਜੇ ਰੱਖਿਆ ਗਿਆ ਹੈ। 


ਇਸ ਸਬੰਧੀ ਹੁਕਮ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਜਾਰੀ ਕੀਤੇ। ਡਾਇਰੈਕਟਰ ਬਰਾੜ ਨੇ ਦੱਸਿਆ ਕਿ ਸਰਦੀ ਵਧਣ ਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲ ਅੱਠਵੀਂ ਤਕ ਲਈ 14 ਜਨਵਰੀ ਤਕ ਬੰਦ ਰਹਿਣਗੇ। ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਸਰਦੀ ਦੀਆਂ ਛੁੱਟੀਆਂ 8 ਜਨਵਰੀ ਤਕ ਵਧਾਈਆਂ ਸਨ। 


ਦੂਜੇ ਪਾਸੇ ਯੂਟੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੇ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀਆਂ ਛੁੱਟੀਆਂ ਵਧਾਉਣ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਹੁਕਮਾਂ ਵਿਚ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਅਧਿਆਪਕਾਂ ਨੂੰ ਵੀ ਸਕੂਲ ਆਉਣਾ ਪਵੇਗਾ। 


ਇਸ ਬਾਰੇ ਯੂਟੀ ਦੀ ਜ਼ਿਲ੍ਹਾ ਸਿੱਖਿਆ ਅਫਸਰ ਬਿੰਦੂ ਅਰੋੜਾ ਨੇ ਕਿਹਾ ਕਿ ਇਹ ਹੁਕਮ ਸਿਰਫ ਵਿਦਿਆਰਥੀਆਂ ਲਈ ਹਨ ਤੇ ਅਧਿਆਪਕ ਆਮ ਵਾਂਗ ਸਕੂਲਾਂ ਵਿੱਚ ਆਉਣਗੇ ਤੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੀ ਸਮੱਗਰੀ ਤਿਆਰ ਕਰਨਗੇ।