Kangana Ranaut Slapped By CISF Guard: ਚੰਡੀਗੜ੍ਹ ਏਅਰਪੋਰਟ 'ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਖ਼ਬਰ ਅੱਗ ਵਾਂਗ ਫੈਲ ਰਹੀ ਹੈ। ਕੰਗਨਾ ਦੀ ਟੀਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਥੱਪੜ ਏਅਰਪੋਰਟ 'ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਨੇ ਮਾਰਿਆ। ਉਸ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ। 


ਇਸ ਬਾਰੇ ਹੁਣ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ ਡੀਐਸਪੀ ਏਅਰਪੋਰਟ ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਇੱਕ ਮਹਿਲਾ CISF ਸਿਪਾਹੀ ਵੱਲੋਂ ਕੰਗਨਾ ਰਣੌਤ ਨਾਲ ਦੁਰਵਿਵਹਾਰ ਕਰਨ ਸਬੰਧੀ ਜਾਣਕਾਰੀ ਆਈ ਹੈ। 


ਉਨ੍ਹਾਂ ਨੇ ਕਿਹਾ ਕਿ ਫਿਲਹਾਲ ਸੀਆਈਐਸਐਫ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਆਈਐਸਐਫ ਨੇ ਇਸ ਸਬੰਧੀ ਕਮੇਟੀ ਬਣਾਈ ਹੈ। ਮਹਿਲਾ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਮਾਮਲਾ ਕਿਸਾਨ ਅੰਦੋਲਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਕੋਈ ਸ਼ਿਕਾਇਤ ਆਵੇਗੀ ਤਾਂ ਉਹ ਇਸ 'ਤੇ ਕਾਰਵਾਈ ਕਰਨਗੇ।



ਦੱਸ ਦਈਏ ਕਿ ਵੀਰਵਾਰ ਨੂੰ ਕੰਗਣਾ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਮੀਟਿੰਗ ਲਈ ਜਾ ਰਹੀ ਸੀ। ਇਸ ਦੌਰਾਨ ਇਹ ਘਟਨਾ ਵਾਪਰੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਗਨਾ ਨੂੰ ਕਿਸਾਨਾਂ ਨਾਲ ਜੁੜੇ ਬਿਆਨਾਂ ਕਰਕੇ ਥੱਪੜ ਜੜਿਆ ਗਿਆ ਹੈ। ਸੂਤਰਾਂ ਮੁਤਾਬਕ ਕੰਗਨਾ ਨੇ ਇਸ ਸਬੰਧੀ ਏਅਰਪੋਰਟ ਥਾਣੇ 'ਚ ਰਿਪੋਰਟ ਵੀ ਦਰਜ ਕਰਵਾਈ ਹੈ। ਇਸ ਤੋਂ ਬਾਅਦ CISF ਕਰਮਚਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹੁਣ ਉਸ ਤੋਂ ਥੱਪੜ ਮਾਰਨ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।


ਦੱਸ ਦਈਏ ਕਿ ਕੰਗਨਾ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਦੀਆਂ ਔਰਤਾਂ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਥੱਪੜ ਮਾਰਨ ਦੀ ਨੌਬਤ ਬਣ ਗਈ। ਇਸ ਨੂੰ ਲੈ ਕੇ ਹਵਾਈ ਅੱਡੇ 'ਤੇ 10 ਤੋਂ 15 ਮਿੰਟ ਤੱਕ ਹੰਗਾਮਾ ਹੋਇਆ। ਇਸ ਤੋਂ ਬਾਅਦ ਕੰਗਨਾ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋ ਗਈ।


ਸ਼ੁਰੂਆਤੀ ਜਾਣਕਾਰੀ ਅਨੁਸਾਰ ਹਿਮਾਚਲ ਦੀ ਮੰਡੀ ਸੀਟ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਫਲਾਈਟ ਨੰਬਰ UK707 ਰਾਹੀਂ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ। ਜਦੋਂ ਉਹ ਸੁਰੱਖਿਆ ਜਾਂਚ ਤੋਂ ਬਾਅਦ ਬੋਰਡਿੰਗ ਲਈ ਜਾ ਰਹੀ ਸੀ ਤਾਂ ਸੀਆਈਐਸਐਫ ਯੂਨਿਟ ਚੰਡੀਗੜ੍ਹ ਏਅਰਪੋਰਟ ਦੀ ਐਲਸੀਟੀ ਕੁਲਵਿੰਦਰ ਕੌਰ ਨਾਲ ਬਹਿਸ ਹੋ ਗਈ। ਕੁਲਵਿੰਦਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਜਾ ਰਹੇ ਮਯੰਕ ਮਧੁਰ ਨਾਂ ਦੇ ਵਿਅਕਤੀ ਨੇ ਕੁਲਵਿੰਦਰ ਕੌਰ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ।