Mohali News : ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੀਆਂ ਵੱਖ-ਵੱਖ ਜਾਇਦਾਦਾਂ ਦੀ ਕੱਲ੍ਹ ਦੇਰ ਸ਼ਾਮ ਸਮਾਪਤ ਹੋਈ ਈ-ਨਿਲਾਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਅਥਾਰਟੀ ਨੇ ਜਾਇਦਾਦਾਂ ਦੀ ਨਿਲਾਮੀ ਤੋਂ 1935.88 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਇਦਾਦਾਂ, ਜਿਨ੍ਹਾਂ ਵਿੱਚ ਗਰੁੱਪ ਹਾਊਸਿੰਗ, ਕਮਰਸ਼ੀਅਲ ਚੰਕ, ਨਰਸਿੰਗ ਹੋਮ, ਆਈ.ਟੀ. ਉਦਯੋਗਿਕ ਪਲਾਟ, ਐਸ.ਸੀ.ਓਜ਼. ਅਤੇ ਬੂਥ ਸ਼ਾਮਲ ਹਨ, ਗਮਾਡਾ ਦੇ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਆਈ.ਟੀ. ਸਿਟੀ, ਏਅਰੋਸਿਟੀ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਹੋਰ ਸੈਕਟਰਾਂ ਵਿੱਚ ਸਥਿਤ ਹਨ। ਜ਼ਿਕਰਯੋਗ ਹੈ ਕਿ ਇਹ ਈ-ਨਿਲਾਮੀ 17 ਫਰਵਰੀ ਨੂੰ ਸ਼ੁਰੂ ਹੋਈ ਸੀ।


ਈ-ਨਿਲਾਮੀ ਨੂੰ ਮਿਲੇ ਭਰਵੇਂ ਹੁੰਗਾਰੇ ਉਤੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਇਸ ਨਿਲਾਮੀ ਨੂੰ ਸਫ਼ਲ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸੇ ਇਕ ਈ-ਨਿਲਾਮੀ ਵਿੱਚ ਗਮਾਡਾ ਵੱਲੋਂ ਹੁਣ ਤੱਕ ਇਹ ਸਭ ਤੋਂ ਵੱਧ ਕੀਮਤ ਦੀਆਂ ਜਾਇਦਾਦਾਂ ਵੇਚੀਆਂ ਗਈਆਂ ਹਨ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਸਾਰੇ ਸਫ਼ਲ ਬੋਲੀਕਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗਮਾਡਾ ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਉਸਾਰੀਆਂ ਲਈ ਹਰ ਸੰਭਵ ਸਹਿਯੋਗ ਦੇਵੇਗਾ।

ਕੁੱਲ 6 ਗਰੁੱਪ ਹਾਊਸਿੰਗ ਸਾਈਟਾਂ ਬੋਲੀ ਲਈ ਉਪਲਬਧ ਸਨ ਅਤੇ ਇਨ੍ਹਾਂ ਸਾਰੀਆਂ ਨੂੰ ਖਰੀਦਦਾਰ ਮਿਲ ਗਏ। ਸੈਕਟਰ 83 ਅਲਫ਼ਾ, ਆਈ.ਟੀ. ਸਿਟੀ ਵਿੱਚ ਸਥਿਤ ਗਰੁੱਪ ਹਾਊਸਿੰਗ ਸਾਈਟ ਨੰ. 7 ਲਈ 325.59 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਲੱਗੀ। ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਸਾਈਟ ਲਗਭਗ 8 ਏਕੜ ਰਕਬੇ ਵਿੱਚ ਫੈਲੀ ਹੋਈ ਹੈ। ਇਸੇ ਸਥਾਨ ਉਤੇ 8 ਏਕੜ ਰਕਬੇ ਵਿੱਚ ਫੈਲੀ ਇੱਕ ਹੋਰ ਗਰੁੱਪ ਹਾਊਸਿੰਗ ਸਾਈਟ ਨੰ. 8 ਨੂੰ 293.49 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਹੈ।



ਸੈਕਟਰ 88 ਦੀ ਗਰੁੱਪ ਹਾਊਸਿੰਗ ਸਾਈਟ ਨੰ. 5 ਲਈ 301.21 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਅਤੇ ਇਸੇ ਸੈਕਟਰ ਦੀ ਇਕ ਹੋਰ ਗਰੁੱਪ ਹਾਊਸਿੰਗ ਸਾਈਟ ਨੰ. 4  197.47 ਕਰੋੜ ਰੁਪਏ ਵਿੱਚ ਨਿਲਾਮ ਕੀਤੀ ਗਈ ਜਦੋਂਕਿ ਸੈਕਟਰ 66 ਵਿੱਚ ਸਥਿਤ ਲਗਭਗ 4.40 ਏਕੜ ਰਕਬੇ ਦੀ ਗਰੁੱਪ ਹਾਊਸਿੰਗ ਸਾਈਟ ਲਈ 211.32 ਕਰੋੜ ਰੁਪਏ  ਦੀ ਸਫ਼ਲ ਬੋਲੀ ਲੱਗੀ, ਇਸ ਸੈਕਟਰ ਦੀ ਇੱਕ ਹੋਰ ਸਾਈਟ ਤੋਂ ਬੋਲੀ ਦੌਰਾਨ 147.72 ਕਰੋੜ ਰੁਪਏ ਦੀ ਕਮਾਈ ਹੋਈ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਏਅਰੋਸਿਟੀ ਵਿੱਚ ਕਮਰਸ਼ੀਅਲ ਚੰਕ ਸਾਈਟ ਦੀ ਬੋਲੀ ਲਗਭਗ 203.80 ਕਰੋੜ ਰੁਪਏ ਅਤੇ ਸੈਕਟਰ 69 ਦੇ ਇੱਕ ਨਰਸਿੰਗ ਹੋਮ ਸਾਈਟ ਦੀ ਬੋਲੀ 13.94 ਕਰੋੜ ਤੱਕ ਗਈ। ਇਸ ਤੋਂ ਇਲਾਵਾ, ਅਥਾਰਟੀ ਨੇ ਆਈ.ਟੀ. ਸਿਟੀ ਵਿੱਚ ਸਥਿਤ 9 ਆਈ.ਟੀ. ਉਦਯੋਗਿਕ ਪਲਾਟਾਂ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਸਾਰੀਆਂ ਹੀ ਵਿਕ ਗਈਆਂ ਹਨ। ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੈਕਟਰ 69 ਵਿੱਚ ਸਥਿਤ 19 ਐਸ.ਸੀ.ਓਜ਼. ਅਤੇ 38 ਬੂਥ ਵੀ ਬੋਲੀ ਲਈ ਉਪਲਬਧ ਸਨ, ਜਿਨ੍ਹਾਂ ਵਿੱਚੋਂ 2 ਐਸ.ਸੀ.ਓਜ਼. ਅਤੇ 28 ਬੂਥ ਵਿਕ ਗਏ ਹਨ।



ਅਥਾਰਟੀ ਵੱਲੋਂ ਅੰਤਿਮ ਬੋਲੀ ਦੀ ਕੀਮਤ ਦਾ 10 ਫ਼ੀਸਦ ਅਤੇ 2 ਫ਼ੀਸਦ ਸੈੱਸ ਦਾ ਭੁਗਤਾਨ ਕਰਨ ‘ਤੇ ਸਫ਼ਲ ਬੋਲੀਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤਾ ਜਾਵੇਗਾ। ਬੋਲੀਕਾਰਾਂ ਵੱਲੋਂ ਅੰਤਿਮ ਬੋਲੀ ਦੀ ਕੀਮਤ ਦੀ 15 ਫ਼ੀਸਦ ਰਕਮ ਜਮ੍ਹਾਂ ਕਰਵਾਏ ਜਾਣ ’ਤੇ ਉਨ੍ਹਾਂ ਨੂੰ ਸਬੰਧਤ ਸਾਈਟਾਂ ਦਾ ਕਬਜ਼ਾ ਸੌਂਪਿਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੰਮ-ਕਾਜ ਉਤੇ ਵੱਡਾ ਭਰੋਸਾ ਜਤਾਇਆ ਹੈ ਅਤੇ ਵਿਭਾਗ ਵੱਲੋਂ ਖਰੀਦਦਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।