Chandigarh News: 'ਸਿਟੀ ਬਿਉਟੀਫੁਲ' 'ਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਖੈਰ ਨਹੀਂ। ਹੁਣ ਨਗਰ ਨਿਗਮ ਵੱਲੋਂ ਪੀਣ ਵਾਲੇ ਪਾਣੀ ਦੀ ਸਲਾਈ ਨਾਲ ਸਿੱਧੇ ਪਾਈਪਾਂ ਰਾਹੀਂ ਵਾਹਨਾਂ, ਵਿਹੜਿਆਂ ਨੂੰ ਧੋਣ, ਲਾਅਨ ਜਾਂ ਗਮਲਿਆਂ ਵਿੱਚ ਪਾਣੀ ਪਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਸ਼ਨੀਵਾਰ ਨੂੰ ਹੀ 74 ਵਿਅਕਤੀਆਂ ਨੂੰ ਨੋਟਿਸ ਦਿੱਤੇ ਗਏ ਜਦਕਿ ਦੋ ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। 



ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਨੇ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਕਿੱਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਵੱਲੋਂ ਸ਼ਨੀਵਾਰ ਨੂੰ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਪਾਣੀ ਦੀ ਬੇਲੋੜੀ ਬਰਬਾਦੀ ਕਰਨ ਵਾਲੇ 74 ਵਿਅਕਤੀਆਂ ਨੂੰ ਨੋਟਿਸ ਦਿੱਤੇ ਗਏ ਜਦਕਿ ਦੋ ਵਿਅਕਤੀਆਂ ਦੇ ਚਲਾਨ ਕੀਤੇ ਗਏ। 


ਨਗਰ ਨਿਗਮ ਦੇ ਪਬਲਿਕ ਹੈਲਥ ਵਿੰਗ ਦੀ ਡਿਵੀਜ਼ਨ ਨੰਬਰ-3 ਦੇ ਐਕਸੀਅਨ ਜਗਦੀਸ਼ ਸਿੰਘ ਦੀ ਅਗਵਾਈ ਹੇਠ ਬਣਾਈਆਂ 18 ਐਸਡੀਈਜ਼ ਦੀਆਂ ਟੀਮਾਂ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਮੌਕੇ ’ਤੇ ਫੜਨ ਲਈ ਲਈ ਤੜਕੇ 5.30 ਵਜੇ ਤੋਂ 8.30 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਸੈਕਟਰਾਂ, ਪਿੰਡਾਂ ਤੇ ਕਾਲੋਨੀਆਂ ਦੀਆਂ ਗਲੀਆਂ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਪਾਣੀ ਦੀ ਬਰਬਾਦੀ ਕਰਦੇ ਮਿਲੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਤੇ ਚਲਾਨ ਕੀਤੇ ਗਏ।


ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਦੇ ਹੁਕਮਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਸਲਾਈ ਨਾਲ ਸਿੱਧੇ ਪਾਈਪਾਂ ਰਾਹੀਂ ਵਾਹਨਾਂ, ਵਿਹੜਿਆਂ ਨੂੰ ਧੋਣ, ਲਾਅਨ ਜਾਂ ਗਮਲਿਆਂ ਵਿੱਚ ਪਾਣੀ ਪਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਪਾਣੀ ਦੇ ਬਿੱਲ ਵਿੱਚ 5250 ਰੁਪਏ ਜੋੜ ਕੇ ਚਲਾਨ ਦਾ ਜੁਰਮਾਨਾ ਭੇਜਿਆ ਜਾਵੇਗਾ। ਤੀਜੀ ਵਾਰ ਪਾਣੀ ਦੀ ਬਰਬਾਦੀ ਕਰਨ ਵਾਲੇ ਡਿਫਾਲਟਰ ਦਾ ਪਾਣੀ ਦਾ ਕੁਨੈਕਸ਼ਨ ਕੱਟਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਜੇਕਰ ਜਲ ਸਪਲਾਈ ਲਾਈਨ ’ਤੇ ਟੁੱਲੂ ਪੰਪ ਲੱਗਾ ਮਿਲਿਆ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਟੂਟੀ ਤੋਂ ਪਾਣੀ ਵਗਦਾ ਰੱਖਣ, ਓਵਰਹੈੱਡ/ਗਰਾਊਂਡ ਵਾਟਰ ਟੈਂਕ/ਵਾਟਰ ਕੂਲਰ ਦੇ ਓਵਰਫਲੋਅ ਹੋਣ, ਵਾਟਰ ਮੀਟਰ ਚੈਂਬਰ ਲੀਕੇਜ ਹੋਣ ’ਤੇ ਚਿਤਾਵਨੀ ਨੋਟਿਸ ਦਿੱਤਾ ਜਾਵੇਗਾ। ਜੇਕਰ ਦੋ ਦਿਨਾਂ ਬਾਅਦ ਵੀ ਅਜਿਹਾ ਪਾਇਆ ਜਾਂਦਾ ਹੈ ਤਾਂ ਦੋ ਦਿਨਾਂ ਤੱਕ ਚਲਾਨ ਜਾਰੀ ਕਰ ਦਿੱਤਾ ਜਾਵੇਗਾ। ਹਰ ਐੱਸਡੀਓ ਦੇ ਨਾਲ ਦੋ ਜੇਈ ਸਵੇਰੇ 10.30 ਵਜੇ ਤੱਕ ਡਿਵੀਜ਼ਨ ਨੰਬਰ 3 ਦੇ ਐਕਸੀਅਨ ਜਗਦੀਸ਼ ਸਿੰਘ ਨੂੰ ਮੋਬਾਈਲ ਨੰਬਰ 98725-11337 ’ਤੇ ਰਿਪੋਰਟ ਭੇਜਣਗੇ।


ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਚਲਾਨ ਕੱਟਣ ਦਾ ਅਮਲ 30 ਜੂਨ ਸਵੇਰ ਤੱਕ ਜਾਰੀ ਰਹੇਗਾ। ਇਸ ਦੌਰਾਨ ਜੇਕਰ ਕਿਸੇ ਨੂੰ ਪਾਣੀ ਦੀ ਘਾਟ ਜਾਂ ਪਾਣੀ ਦੀ ਬਰਬਾਦੀ ਦੀ ਸ਼ਿਕਾਇਤ ਮਿਲਦੀ ਹੈ ਤਾਂ ਐਸਡੀਓ ਯਸ਼ਪਾਲ ਗੁਪਤਾ ਨਾਲ ਮੋਬਾਈਲ ਨੰਬਰ 9872511245 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਕਟਰ-15 ਮੇਂਟੇਨੈਂਸ ਬੂਥ ’ਚ ਬਣੇ ਕੰਟਰੋਲ ਰੂਮ ਨਾਲ 0172-2540200 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਨਿਗਮ ਵੱਲੋਂ ਇਹ ਕਾਰਵਾਈ 30 ਜੂਨ ਤੱਕ ਜਾਰੀ ਰਹੇਗੀ।